16 ਹਿੰਦੂ ਨੇਤਾਵਾਂ ਤੇ 25 ਸਿਆਸੀ ਨੇਤਾਵਾਂ ਦੀ ਸੁਰੱਖਿਆ ਦੀ ਹੋਵੇਗੀ ਸਮੀਖਿਆ, ਸਪੈਸ਼ਲ ਕਮੇਟੀ ਗਠਿਤ

0
634

ਚੰਡੀਗੜ੍ਹ। ਅੰਮ੍ਰਿਤਸਰ ਵਿਚ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਦਿਨ-ਦਿਹਾੜੇ ਹੱਤਿਆ ਤੇ ਗੈਂਗਸਟਰਾਂ ਤੇ ਖਾਲਿਸਤਾਨੀ ਕੱਟੜਪੰਥੀਆਂ ਵਲੋਂ ਨੇਤਾਵਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸੂਬੇ ਦੇ ਹਿੰਦੂ ਨੇਤਾਵਾਂ ਦੇ ਨਾਲ-ਨਾਲ ਸਿਆਸੀ ਨੇਤਾਵਾਂ ਦੀ ਸੁਰੱਖਿਆ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਕ ਸਪੈਸ਼ਲ ਕਮੇਟੀ ਦਾ ਗਠਨ ਕਰ ਦਿੱਤਾ, ਜੋ ਉਨ੍ਹਾਂ ਨੇਤਾਵਾਂ ਦੀ ਸੁਰੱਖਿਆ ਕਰੇਗੀ, ਜਿਨ੍ਹਾਂ ਨੂੰ ਵੱਖ-ਵੱਖ ਸੰਗਠਨਾਂ ਤੋਂ ਧਮਕੀਆਂ ਮਿਲ ਰਹੀਆਂ ਹਨ।
ਪੁਲਿਸ ਸੂਤਰਾਂ ਅਨੁਸਾਰ, ਇਹ ਕਮੇਟੀ ਆਪਣੀ ਰਿਪੋਰਟ ਇਸੇ ਹਫਤੇ ਡੀਜੀਪੀ ਨੂੰ ਸੌਪੇਂਗੀ, ਜਿਸਦੇ ਬਾਅਦ ਨੇਤਾਵਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਤੇ ਜਿਨ੍ਹਾਂ ਨੇਤਾਵਾਂ ਨੂੰ ਮੌਜੂਦਾ ਸਮੇਂ ਵਿਚ ਸੁਰੱਖਿਆ ਮਿਲੀ ਹੋਈ ਹੈ, ਉਨ੍ਹਾਂ ਦੀ ਹਿਫਾਜ਼ਤ ਲਈ ਸੁਰੱਖਿਆ ਮੁਲਾਜ਼ਮ ਵਧਾਏ ਜਾ ਸਕਦੇ ਹਨ।

ਡੀਜੀਪੀ ਨੇ ਸੂਬੇ ਦੇ 16 ਨੇਤਾਵਾਂ ਦੇ ਨਾਲ-ਨਾਲ 25 ਵੀਵੀਆਈਪੀ ਨੇਤਾਵਾਂ ਦੀ ਸੁਰੱਖਿਆ ਦੀ ਸਮੀਖਿਆ ਦਾ ਕੰਮ ਵਿਸ਼ੇਸ਼ ਕਮੇਟੀ ਨੂੰ ਸੌਂਪਿਆ ਹੈ। ਕਮੇਟੀ ਇਨ੍ਹਾਂ ਸਾਰੇ ਨੇਤਾਵਾਂ ਨੂੰ ਸੂਬੇ ਦੇ ਅੰਦਰ ਤੇ ਵਿਦੇਸ਼ ਵਿਚ ਛੁਪੇ ਅਪਰਾਧੀਆਂ ਤੋਂ ਮਿਲਣ ਵਾਲੀਆਂ ਧਮਕੀਆਂ ਭਰੇ ਕਾਲਸ ਦੀ ਜਾਂਚ ਕਰੇਗੀ ਤੇ ਇਸ ਸਬੰਧ ਵਿਚ ਇੰਟੈਲੀਜੈਂਸ ਵਿੰਗ ਤੋਂ ਇਨਪੁਟ ਵੀ ਹਾਸਲ ਕਰੇਗੀ। ਹਿੰਦੂ ਨੇਤਾਵਾਂ ਦੇ ਇਲਾਵਾ ਸਿਆਸੀ ਨੇਤਾਵਾਂ ਵਿਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ ਦੀ ਮੌਜੂਦਾ ਸੁਰੱਖਿਆ ਵਿਵਸਥਾ ਦੀ ਸਮੀਖਿਆ ਹੋਵੇਗੀ।

ਫਿਲਹਾਲ ਸੂਬਾ ਪੁਲਿਸ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾਵਾਂ ਨੂੰ ਜ਼ੈੱਡ ਪਲੱਸ ਤੇ ਤਿੰਨ ਸੀਨੀਅਰ ਨੇਤਾਵਾਂ ਨੂੰ ਵਾਈ ਸ਼੍ਰੇਣੀ, ਪੰਜਾਬ ਭਾਜਪਾ ਦੇ 5 ਸੀਨੀਅਰ ਨੇਤਾਵਾਂ ਨੂੰ ਵਾਈ ਸ਼੍ਰੇਣੀ, ਕਾਂਗਰਸ ਦੇ ਇਕ ਸੀਨੀਅਰ ਨੇਤਾ ਨੂੰ ਜ਼ੈੱਡ ਸ਼੍ਰੇਣੀ, ਤਿੰਨ ਨੇਤਾਵਾਂ ਨੂੰ ਵਾਈ ਸ਼੍ਰੇਣੀ ਤੇ ਕੁਝ ਹੋਰ ਨੇਤਾਵਾਂ ਨੂੰ ਸਾਧਾਰਨ ਸੁਰੱਖਿਆ ਮੁਹੱਈਆ ਹੈ। ਤਾਜ਼ਾ ਘਟਨਾਕ੍ਰਮ ਵਿਚ ਪੁਲਿਸ ਨੇ ਇਨ੍ਹਾਂ ਦੀ ਸੁਰੱਖਿਆ ਵਧਾਉਣ ਦੀ ਤਿਆਰੀ ਕਰ ਲਈ ਹੈ। ਜਿਸ ਉਤੇ ਵਿਸ਼ੇਸ਼ ਕਮੇਟੀ ਦੀ ਰਿਪੋਰਟ ਦੇ ਬਾਅਦ ਫੈਸਲਾ ਲਿਆ ਜਾਵੇਗਾ।