ਨਵੀਂ ਦਿੱਲੀ, 3 ਜਨਵਰੀ | ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਤੋਂ ਕੇਪ ਟਾਊਨ ਵਿਚ ਖੇਡਿਆ ਜਾਵੇਗਾ। ਨਿਊਲੈਂਡਸ ਮੈਦਾਨ ਵਿਚ ਮੁਕਾਬਲਾ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਦੱਖਣੀ ਅਫਰੀਕਾ ਪਹਿਲਾ ਮੈਚ ਜਿੱਤ ਕੇ ਸੀਰੀਜ਼ ਵਿਚ 1-0 ਨਾਲ ਅੱਗੇ ਹੈ। ਭਾਰਤੀ ਟੀਮ ਨੂੰ ਸੀਰੀਜ਼ ਡਰਾਅ ਕਰਵਾਉਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਦੋਵੇਂ ਹੀ ਟੀਮਾਂ ਲਈ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਦੇ ਲਿਹਾਜ਼ ਨਾਲ ਵੀ ਅਹਿਮ ਹੈ।
ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੁਣ ਤੱਕ ਕੁੱਲ 15 ਟੈਸਟ ਸੀਰੀਜ਼ ਖੇਡੀਆਂ ਗਈਆਂ ਹਨ, ਜਿਸ ਵਿਚੋਂ 4 ਸੀਰੀਜ਼ ਵਿਚ ਭਾਰਤ ਜਿੱਤਿਆ ਤੇ 8 ਵਿਚ ਦੱਖਣੀ ਅਫਰੀਕਾ ਨੂੰ ਜਿੱਤ ਮਿਲੀ ਤੇ 3 ਸੀਰੀਜ਼ ਡਰਾਅ ਰਹੀਆਂ। ਦੋਵੇਂ ਟੀਮਾਂ ਵਿਚਾਲੇ ਓਵਰਆਲ 43 ਟੈਸਟ ਖੇਡੇ ਗਏ। ਭਾਰਤ ਨੇ 15 ਤੇ ਦੱਖਣੀ ਅਫਰੀਕਾ ਨੇ 18 ਮੁਕਾਬਲੇ ਜਿੱਤੇ, ਜਦਕਿ 10 ਟੈਸਟ ਡਰਾਅ ਰਹੇ। ਅੱਜ ਇਸ ਦੌਰੇ ਦਾ ਆਖਰੀ ਮੁਕਾਬਲਾ ਖੇਡਿਆ ਜਾਵੇਗਾ।