ਬੈਂਕ ‘ਚ ਗਾਹਕ ਬਣ ਕੇ ਆਏ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਲੁੱਟੇ ਸਾਢੇ 3 ਲੱਖ, ਗਾਰਡ ਦੀ ਰਾਈਫਲ ਤੇ ਕਾਰਤੂਸ ਵੀ ਖੋਹ ਕੇ ਲੈ ਗਏ

0
3379

ਬਟਾਲਾ/ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਪਿੰਡ ਬਹਾਦਰ ਹੁਸੈਨ ‘ਚ ਨਕਾਬਪੋਸ਼ ਲੁਟੇਰੇ ਪੰਜਾਬ ਐਂਡ ਸਿੰਧ ਬੈਂਕ ‘ਚੋਂ 3 ਲੱਖ 50 ਹਜ਼ਾਰ, ਬੈਂਕ ਗਾਰਡ ਦੀ ਡਬਲ ਬੈਰਲ ਰਾਈਫਲ ਤੇ ਕਾਰਤੂਸ ਲੈ ਕੇ ਫਰਾਰ ਹੋ ਗਏ।

ਬ੍ਰਾਂਚ ਮੈਨੇਜਰ ਵਿਕਾਸ ਅਨੁਸਾਰ ਦੁਪਹਿਰ ਕਰੀਬ 1.30 ਵਜੇ 2 ਵਿਅਕਤੀ ਬੈਂਕ ਦੇ ਅੰਦਰ ਗਾਹਕ ਬਣ ਕੇ ਆਏ ਤੇ ਮੁਲਾਜ਼ਮਾਂ ਤੋਂ ਪੈਸੇ ਜਮ੍ਹਾ ਕਰਵਾਉਣ ਲਈ ਫਾਰਮ ਮੰਗਿਆ।

ਇਸੇ ਦੌਰਾਨ 2 ਵਿਅਕਤੀ ਮੂੰਹ ਢੱਕ ਕੇ ਅੰਦਰ ਆਏ ਤੇ ਗਾਰਡ ਬਲਵਿੰਦਰ ਸਿੰਘ ‘ਤੇ ਬੰਦੂਕ ਤਾਣ ਦਿੱਤੀ ਤੇ ਅੰਦਰ ਪਹਿਲਾਂ ਹੀ ਮੌਜੂਦ ਲੁਟੇਰਿਆਂ ਨੇ ਕੈਸ਼ੀਅਰ ਤੋਂ ਕਰੀਬ ਸਾਢੇ 3 ਲੱਖ ਰੁਪਏ ਆਪਣੇ ਨਾਲ ਲਿਆਂਦੇ ਬੈਗ ‘ਚ ਰੱਖ ਲਏ।ਜਾਂਦੇ ਸਮੇਂ ਲੁਟੇਰੇ ਗਾਰਡ ਦੀ ਬੰਦੂਕ ਤੇ 12 ਕਾਰਤੂਸ ਵੀ ਆਪਣੇ ਨਾਲ ਲੈ ਗਏ। ਲੁਟੇਰੇ ਚਿੱਟੇ ਰੰਗ ਦੀ ਆਈ-20 ਕਾਰ ‘ਚ ਆਏ ਸਨ।

ਐੱਸਐੱਸਪੀ ਬਟਾਲਾ ਮੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਸਾਰੇ ਲੁਟੇਰੇ ਬੈਂਕ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਏ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ।