ਮੀਂਹ ਤੇ ਝੱਖੜ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਫਸਲ ਵਿਛਾਈ, ਮੰਡੀਆਂ ’ਚ ਭਿੱਜਿਆਂ ਹਜ਼ਾਰਾਂ ਟਨ ਝੋਨਾ

0
442

ਚੰਡੀਗੜ੍ਹ, 16 ਅਕਤੂਬਰ| ਬੇਮੌਸਮੀ ਬਾਰਿਸ਼, ਹਨੇਰੀ ਤੇ ਝੱਖੜ੍ਹ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਅਚਾਨਕ ਹੋਈ ਬਾਰਿਸ਼ ਤੇ ਤੇਜ਼ ਹਨੇਰੀ ਨਾਲ ਜਿੱਥੇ ਖੇਤਾਂ ’ਚ ਖੜ੍ਹੀ ਫ਼ਸਲ ਵਿਛ ਗਈ ਹੈ, ਉਥੇ ਖੇਤਾਂ ’ਚ ਪਾਣੀ ਜਮ੍ਹਾਂ ਹੋਣ ਨਾਲ ਵਾਢੀ ਦਾ ਕੰਮ ਕੁਝ ਦਿਨ ਪਛੜਣ ਦੇ ਆਸਾਰ ਹਨ। ਨਮੀ ਦੀ ਮਾਤਰਾ ਵੱਧ ਹੋਣ ਕਰਕੇ ਮੰਡੀਆਂ ’ਚ ਜ਼ੀਰੀ ਵੇਚਣ ਲਈ ਜਿੱਥੇ ਕਿਸਾਨਾਂ ਨੂੰ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਥੇ ਮੰਡੀਆਂ ’ਚ ਜ਼ੀਰੀ ਰੱਖਣ ਲਈ ਕਿਸਾਨਾਂ ਤੇ ਆੜ੍ਹਤੀਆਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

2390762 ਲੱਖ ਮੀਟਰਿਕ ਟਨ ਝੋਨਾ ਮੰਡੀਆਂ ’ਚ ਪੁੱਜਾ

ਅੰਕੜੇ ਦੱਸਦੇ ਹਨ ਕਿ ਬੀਤੇ ਕੱਲ੍ਹ ਤੱਕ ਮੰਡੀਆਂ ’ਚ 2390762 ਲੱਖ ਮੀਟਰਿਕ ਟਨ ਝੋਨਾ ਮੰਡੀਆਂ ’ਚ ਪੁੱਜ ਚੁੱਕਾ ਹੈ। ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ 2217301 ਮੀਟਰਿਕ ਟਨ ਅਤੇ ਪ੍ਰਾਈਵੇਟ ਸ਼ੈਲਰ ਮਾਲਕਾਂ ਜਾਂ ਆੜ੍ਹਤੀਆਂ ਵੱਲੋਂ ਕਰੀਬ 25265 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਕੁੱਲ ਖ਼ਰੀਦੇ ਝੋਨੇ ’ਚੋਂ ਮੰਡੀਆਂ ’ਚੋਂ ਸਿਰਫ਼ 824380 ਮੀਟਰਿਕ ਟਨ ਝੋਨਾ ਚੁੱਕਿਆ ਗਿਆ ਹੈ ਜਦਕਿ 15,66,382 ਮੀਟਰਿਕ ਟਨ ਝੋਨਾ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠਾਂ ਪਿਆ ਹੈ।

ਖੇਤਾਂ ’ਚ ਖੜ੍ਹੀ ਫ਼ਸਲ ਡਿੱਗੀ

ਵੱਖ-ਵੱਖ ਜ਼ਿਲ੍ਹਿਆਂ ’ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਰਾਤ ਤੇ ਸੋਮਵਾਰ ਸਵੇਰੇ ਹੋਈ ਬਾਰਿਸ਼ ਨਾਲ ਅਤੇ ਤੇਜ਼ ਹਵਾਵਾਂ ਨੇ ਖੇਤਾਂ ’ਚ ਖੜ੍ਹੀ ਫਸਲ ਡੇਗ ਦਿੱਤੀ ਹੈ। ਕਈ ਥਾਵਾਂ ’ਤੇ ਝੋਨਾ ਧਰਤੀ ’ਤੇ ਵਿਛ ਗਿਆ ਹੈ। ਹਾਲਾਂਕਿ ਫ਼ਸਲ ਦਾ ਕੁੱਲ ਨੁਕਸਾਨ ਹੋਣ ਦੇ ਅੰਕੜੇ ਪ੍ਰਾਪਤ ਨਹੀਂ ਹੋਏ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਇਲਾਕਿਆਂ ਵਿਚ ਤੇਜ਼ ਹਨੇਰੀ ਚੱਲੀ ਹੈ ਤੇ ਖੇਤਾਂ ’ਚ ਪਾਣੀ ਜਮ੍ਹਾਂ ਹੋਇਆ ਹੈ, ਉਥੇ ਝੋਨੇ ਦਾ ਵੱਧ ਨੁਕਸਾਨ ਹੋਇਆ ਹੈ।

ਕਿਸਾਨਾਂ ਦੀਆਂ ਮੁਸ਼ਕਿਲਾਂ ਵਧੀਆਂ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੌਸਲ ਦਾ ਕਹਿਣਾ ਹੈ ਕਿ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਕੁਝ ਜ਼ਿਲ੍ਹਿਆਂ ’ਚ ਹੜ੍ਹਾਂ ਕਾਰਨ ਕਿਸਾਨਾਂ ਨੂੰ ਦੂਜੀ ਵਾਰ ਝੋਨਾ ਲਾਉਣਾ ਪਿਆ ਸੀ। ਮੀਂਹ ਦੇ ਨਾਲ-ਨਾਲ ਕਈ ਪਿੰਡਾਂ ’ਚ ਗੜੇਮਾਰੀ ਵੀ ਹੋਈ। ਇਸ ਕਾਰਨ ਦਾਣਿਆਂ ਦਾ ਰੰਗ ਬਦਰੰਗ ਹੋਣ ਦਾ ਡਰ ਹੈ ਕਿਉਂਕਿ ਫ਼ਸਲ ਲਗਪਗ ਪੱਕ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਰਸਾਤ ਕਾਰਨ ਝੋਨੇ ਦੀ ਫ਼ਸਲ ’ਚ ਨਮੀ ਦੀ ਮਾਤਰਾ ਚਾਰ ਫ਼ੀਸਦੀ ਤੱਕ ਵਧ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅਜੇ ਤੱਕ ਵਾਢੀ ਦਾ ਕੰਮ ਸ਼ੁਰੂ ਨਹੀਂ ਕੀਤਾ ਉਹ ਕੁਝ ਦਿਨਾਂ ਲਈ ਵਾਢੀ ਦਾ ਕੰਮ ਬੰਦ ਕਰ ਦੇਣ। ਉਨ੍ਹਾਂ ਕਿਸਾਨਾਂ ਨੂੰ ਮੌਸਮ ਸਾਫ਼ ਹੋਣ ਤੋਂ ਬਾਅਦ ਵਾਢੀ ਕਰਨ ਅਤੇ ਸੁੱਕੀ ਫ਼ਸਲ ਮੰਡੀਆਂ ’ਚ ਲਿਆਉਣ ਦੀ ਅਪੀਲ ਕੀਤੀ ਹੈ।