ਸਕੂਲਾਂ ‘ਚ ਅੱਜ ਲਈ ਜਾ ਰਹੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵੀ YouTube ‘ਤੇ ਲੀਕ, ਮੁੱਖ ਮੰਤਰੀ ਕੋਲ ਪੁੱਜਾ ਮਾਮਲਾ

0
2019

ਚੰਡੀਗੜ੍ਹ | ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਲਈ ਜਾ ਰਹੀ ਮਿਡ ਟਰਮ ਦੀ ਪ੍ਰੀਖਿਆ ਸੋਮਵਾਰ ਤੋਂ ਸ਼ੁਰੂ ਹੋ ਚੁੱਕੀ ਹੈ। ਪਹਿਲੇ ਦਿਨ ਹੀ ਪ੍ਰਸ਼ਨ ਪੱਤਰ ਲੀਕ ਹੋਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਦੂਸਰੇ ਦਿਨ ਮੰਗਲਵਾਰ ਨੂੰ 6ਵੀਂ ਤੋਂ 12ਵੀਂ ਤੱਕ ਲਈ ਗਈ ਪ੍ਰੀਖਿਆ ਦੇ ਪੇਪਰ ਵੀ ਯੂ-ਟਿਊਬ ਚੈਨਲ ‘ਤੇ ਲੀਕ ਹੋ ਗਏ ਹਨ। ਹਾਲਾਂਕਿ ਬੋਰਡ ਵੱਲੋਂ ਪ੍ਰੀਖਿਆ ਰੱਦ ਨਹੀਂ ਕੀਤੀ ਗਈ।

ਮੰਗਲਵਾਰ ਸ਼ਾਮ ਨੂੰ ਮੁੜ ਯੂ-ਟਿਊਬ ‘ਤੇ 16 ਤਰੀਕ ਨੂੰ ਹੋਣ ਵਾਲੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵੀ ਅਪਲੋਡ ਕਰ ਦਿੱਤੇ ਗਏ, ਜਿਸ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਨਕਲ ਰੋਕੂ ਫਰੰਟ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚੀਫ ਸਕੱਤਰ ਸਿੱਖਿਆ ਵਿਭਾਗ ਤੇ ਡੀਈਓ ਨੂੰ ਲਿਖਤੀ ਸ਼ਿਕਾਇਤ ਕੀਤੀ। ਨਕਲ ਰੋਕੂ ਫਰੰਟ ਦੇ ਮੁਖੀ ਸੁਖਦਰਸ਼ਨ ਸਿੰਘ ਨੇ ਕਿਹਾ ਕਿ ਵਿਭਾਗ ਨੂੰ ਮੰਗਲਵਾਰ ਨੂੰ ਸੂਚਿਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।

ਅੰਗਰੇਜ਼ੀ ਦੀ ਇਕ ਵੈੱਬਸਾਈਟ ਅਨੁਸਾਰ ਵਿਰਦੀ ਬਲਾਗ (Virdi Blog) ਨਾਂ ਦੇ ਯੂ-ਟਿਊਬ ਚੈਨਲ ‘ਤੇ ਇਹ ਪੇਪਰ ਲੀਕ ਹੋਏ ਹਨ। ਲੀਕ ਹੋਣ ਵਾਲੇ ਪ੍ਰਸ਼ਨ ਪੱਤਰਾਂ ‘ਚ ਕਲਾਸ 8ਵੀਂ ਦਾ ਸੋਸ਼ਲ ਸਟੱਡੀਜ਼, 7ਵੀਂ ਕਲਾਸ ਸਾਇੰਸ, ਹਿਸਾਬ ਕਲਾਸ 9ਵੀਂ ਤੇ ਪੰਜਾਬੀ ਕਲਾਸ 12ਵੀਂ ਸ਼ਾਮਲ ਹਨ। ਇਸ ਤੋਂ ਇਲਾਵਾ ਮੰਗਲਵਾਰ ਨੂੰ ਲੀਕ ਹੋਣ ਵਾਲੇ ਪੇਪਰਾਂ ‘ਚ ਜਮਾਤ 8ਵੀਂ ਦਾ ਹਿਸਾਬ, ਕਲਾਸ 9ਵੀਂ ਦਾ ਹਿੰਦੀ ਤੇ 10ਵੀਂ ਜਮਾਤ ਦੇ ਸਾਇੰਸ ਅਤੇ ਹਿਸਾਬ ਦੇ ਪੇਪਰ ਯੂ-ਟਿਊਬ ਰਾਹੀਂ ਲੀਕ ਹੋਏ ਹਨ।

ਹਾਲਾਂਕਿ ਸਿੱਖਿਆ ਵਿਭਾਗ ਦਾ ਕੋਈ ਵੀ ਅਧਿਕਾਰੀ ਇਸ ਬਾਰੇ ਕੁਝ ਵੀ ਬੋਲਣ ਤੋਂ ਇਨਕਾਰੀ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)