ਸ਼ਹੀਦਾਂ ਦੇ ਪਰਿਵਾਰਾਂ ਨੂੰ ਸਾਂਭ ਰਹੀ ਪੰਜਾਬ ਸਰਕਾਰ, ਆਰਥਿਕ ਸਹਾਇਤਾ ਵਜੋਂ ਦੇ ਰਹੀ ਇਕ ਕਰੋੜ ਰੁਪਏ

0
167

ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ। ਪੰਜਾਬ ਸਰਕਾਰ ਵਲੋਂ ਜੰਗ/ਸਰਹੱਦ ‘ਤੇ ਸ਼ਹੀਦ ਹੋਣ ਵਾਲੇ ਫੌਜੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਵੱਡਾ ਕਦਮ ਚੁੱਕਦਿਆਂ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਮੁੱਖ ਮੰਤਰੀ ਆਪ ਸ਼ਹੀਦ ਜਵਾਨ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਉਂਦੇ ਹਨ ਤੇ ਉਨ੍ਹਾਂ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪ ਕੇ ਆਉਂਦੇ ਹਨ। ਇਸ ਦੇ ਨਾਲ ਹੀ ਪਰਿਵਾਰ ਦੀ ਹੋਰ ਵੀ ਕੋਈ ਮੰਗ ਹੋਵੇ ਤਾਂ ਉਸ ਬਾਰੇ ਵੀ ਤੁਰੰਤ ਐਲਾਨ ਕੀਤਾ ਜਾਂਦਾ ਹੈ।

ਘਰ ਦੇ ਨੌਜਵਾਨ ਪੁੱਤ ਦੇ ਸ਼ਹੀਦ ਹੋਣ ਦਾ ਘਾਟਾ ਭਾਵੇਂ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਦੀ ਮਾਲੀ ਮਦਦ ਮਿਲਣ ਨਾਲ ਸ਼ਹੀਦ ਦੇ ਪਰਿਵਾਰ ਨੂੰ ਵੱਡੀ ਆਰਥਿਕ ਮਦਦ ਮਿਲ ਰਹੀ ਹੈ। ਇਸ ਨਾਲ ਨਾ ਸਿਰਫ ਪਰਿਵਾਰ ਦਾ ਜੀਵਨ ਪੱਧਰ ਉੱਚਾ ਹੋ ਰਿਹਾ ਹੈ ਸਗੋਂ ਸ਼ਹੀਦ ਦੇ ਪਿੱਛੇ ਰਹਿ ਗਏ ਮਾਂ-ਪਿਓ, ਪਤਨੀ ਅਤੇ ਬੱਚਿਆਂ ਨੂੰ ਜੀਵਨ ਬਸਰ ਕਰਨ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ।

ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਫ ਆਰਥਿਕ ਮਦਦ ਹੀ ਨਹੀਂ ਕੀਤੀ ਜਾਂਦੀ ਸਗੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਸ਼ਹੀਦ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਉਂਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਫ ਸਿਲਾਈ ਮਸ਼ੀਨਾਂ ਹੀ ਵੰਡੀਆਂ ਜਾਂਦੀਆਂ ਸਨ ਪਰ ਪੰਜਾਬ ਸਰਕਾਰ ਦੀ ਕੁਰਬਾਨੀਆਂ ਦੇਣ ਵਾਲਿਆਂ ਨੂੰ ਸਨਮਾਨ ਦੇਣ ਦੀ ਜਿਹੜੀ ਨੀਤੀ ਹੈ, ਉਹ ਦਿੱਲੀ ਤੋਂ ਸ਼ੁਰੂ ਹੋਈ ਸੀ। ਭਾਵੇਂ ਕਿਸੇ ਦੀ ਜਾਨ ਦੀ ਕੀਮਤ ਨਹੀਂ ਰੱਖੀ ਜਾ ਸਕਦੀ ਪਰ ਸ਼ਹੀਦਾਂ ਨੂੰ ਸਨਮਾਨ ਵਜੋਂ ਇਕ ਕਰੋੜ ਰੁਪਏ ਦਿੱਤੇ ਜਾ ਰਹੇ ਹਨ।

ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਆਪਣੇ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਹੈ ਇਹ ਉਪਰਾਲਾ ਸੂਬੇ ਵਿਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਧਰਤੀ ਮਾਤਾ ਦੇ ਇਸ ਸਪੂਤ ਵੱਲੋਂ ਦਿੱਤੇ ਵਡਮੁੱਲੇ ਯੋਗਦਾਨ ਨੂੰ ਸਤਿਕਾਰ ਭੇਟ ਕਰਨ ਲਈ ਹੈ ।

ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਹਿਲਾਂ ਉਹ ਸੁਣਦੇ ਹੁੰਦੇ ਸਨ ਕਿ ਸ਼ਹੀਦ ਫ਼ੌਜੀ ਦੇ ਪਰਿਵਾਰ ਨੂੰ ਸਿਲਾਈ ਮਸ਼ੀਨ ਅਤੇ 20 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਪਰ ਇਹ ਉਸ ਦੀ ਸ਼ਹਾਦਤ ਦੀ ਤੌਹੀਨ ਹੈ। ਪੰਜਾਬ ਵਿਚ ਸਰਕਾਰ ਦੀ ਵਾਗਡੋਰ ਸੰਭਾਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਅਣਮੋਲ ਹੈ ਤੇ ਅਸੀਂ ਉਨ੍ਹਾਂ ਦਾ ਦੇਨ ਕਦੀ ਨਹੀਂ ਦੇ ਸਕਦੇ ਪਰ ਘੱਟੋ-ਘੱਟ ਮਗਰੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ‘ਤੇ ਤਾਂ ਪ੍ਰੇਸ਼ਾਨੀ ਨਾ ਝੱਲਣੀ ਪਵੇ।