ਪੰਜਾਬੀ ਸੱਭਿਆਚਾਰ ਦੀ ਗੁੜ੍ਹਤੀ ਦੇਣ ਵਾਲੇ ਵਿਰਾਸਤੀ ਮੁਕਾਬਲੇ “ਸੁਨੱਖੀ ਪੰਜਾਬਣ ਮੁਟਿਆਰ” ਦੇ ਪ੍ਰਾਸਪੈਕਟਸ ਤੇ ਪੋਸਟਰ ਦੀ ਕੀਤੀ ਘੁੰਡ ਚੁਕਾਈ

0
912

ਗੁਰਦਾਸਪੁਰ। ਸੰਸਾਰ ਭਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲਾ ਮਾਝੇ ਦਾ ਵਿਰਾਸਤੀ ਸੱਭਿਆਚਾਰਕ ਮੁਕਾਬਲਾ ” ਸੁਨੱਖੀ ਪੰਜਾਬਣ ਮੁਟਿਆਰ 24 ਫਰਵਰੀ 2023 ਨੂੰ ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਦੇ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ।

ਸਥਾਨਕ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿਖੇ ਮੀਟਿੰਗ ਕੀਤੀ ਗਈ। ਜਿਸ ਦੌਰਾਨ ਪ੍ਰੋਗਰਾਮ ਦਾ ਪ੍ਰਾਸਪੈਕਟਸ ਤੇ ਪੋਸਟਰ ਜਾਰੀ ਕੀਤਾ ਗਿਆ। ਪ੍ਰਾਸਪੈਕਟਸ ਦੀ ਘੁੰਡ ਚੁਕਾਈ ਮੌਕੇ ਸਰਦਾਰ ਅਜੈਬ ਸਿੰਘ ਚਾਹਲ, ਬੀਬੀ ਅਮਰੀਕ ਕੌਰ, ਬੀਬੀ ਸਤਿੰਦਰ ਕੌਰ, ਬੀਬੀ ਕੁਲਮਿੰਦਰ ਕੌਰ, ਜੈਕਬ ਮਸੀਹ ਤੇਜਾ, ਲੈਕਚਰਾਰ ਜਸਬੀਰ ਸਿੰਘ ਮਾਨ, ਡਾ. ਲੱਕੀ ਗੁਰਦਾਸਪੁਰੀ, ਤਸਰੀਨ ਕੌਰ, ਪਰਮਜੀਤ ਕੌਰ,ਹੈਪੀ ਵਿਨਸੈੱਟ ਆਦਿ ਹਾਜ਼ਰ ਸਨ। ਅਜੈਬ ਸਿੰਘ ਚਾਹਲ, ਬੀਬੀ ਅਮਰੀਕ ਕੌਰ, ਬੀਬੀ ਸਤਿੰਦਰ ਕੌਰ, ਬੀਬੀ ਕੁਲਮਿੰਦਰ ਕੌਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਧੀਆਂ ਲਈ ਚੰਗੇ ਪ੍ਰਬੰਧ ਕੀਤੇ ਜਾ ਰਹੇ ਹਨ।

ਲੋਕ ਸੱਭਿਆਚਾਰਕ ਪਿੜ ਵੱਲੋਂ ਵਿਸ਼ਵ ਪੱਧਰੀ ਮੁਕਾਬਲੇ ਦੀ ਕੋਈ ਵੀ ਐਂਟਰੀ ਫੀਸ ਧੀਆਂ-ਧਿਆਣੀਆਂ ਕੋਲੋਂ ਨਹੀਂ ਲਈ ਜਾਵੇਗੀ। ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਆਉਣ ਵਾਲੀਆਂ ਧੀਆਂ ਲਈ ਰਹਿਣ ਅਤੇ ਖਾਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੁਕਾਬਲੇ ਵਿੱਚ 16 ਤੋਂ 35 ਸਾਲ ਦੀ ਉਮਰ ਤੱਕ ਦੀ ਕੋਈ ਵੀ ਚਾਹਵਾਨ ਵਿਆਹੀ/ ਅਣਵਿਆਹੀ ਪੰਜਾਬਣ ਮੁਟਿਆਰ ਭਾਗ ਲੈ ਸਕਦੀ ਹੈ।

ਪਹਿਲੇ ਸਥਾਨ ‘ਤੇ ਆਉਣ ਵਾਲੀ ਮੁਟਿਆਰ ਨੂੰ ਸੱਗੀ ਫੁੱਲ, ਸ਼ਗਨ ਅਤੇ ਟਰਾਫੀ, ਦੂਸਰੇ ਸਥਾਨ ਵਾਲੀ ਨੂੰ ਬੁਗਤੀਆਂ, ਸ਼ਗਨ ਅਤੇ ਟਰਾਫੀ, ਤੀਜੇ ਸਥਾਨ ਵਾਲੀ ਨੂੰ ਟਿੱਕਾ, ਸ਼ਗਨ ਅਤੇ ਟਰਾਫੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਲੰਮ ਸਲੰਮੀ ਨਾਰ, ਨਸ਼ੀਲੇ ਨੈਣ, ਗਿੱਧਿਆਂ ਦੀ ਮੇਲਣ, ਮੋਰਨੀ ਵਰਗੀ ਧੌਣ, ਸੂਝਵਾਨ ਮੁਟਿਆਰ, ਮੜ੍ਹਕ ਨਾਲ ਤੁਰਨਾ, ਸੋਹਣਾ ਪੰਜਾਬੀ ਪਹਿਰਾਵਾ, ਹਾਸਿਆਂ ਦੀ ਰਾਣੀ, ਸੱਪਣੀ ਵਰਗੀ ਗੁੱਤ, ਮੁੱਖੜਾ ਚੰਨ ਵਰਗਾ, ਮਲੂਕੜੀ ਜਿਹੀ ਮੁਟਿਆਰ, ਸੋਹਣੇ ਗਹਿਣੇ, ਮਿੱਠੜੇ ਬੋਲ, ਮਿਲੇਪੜੀ ਮੁਟਿਆਰ, ਨੰਨ੍ਹੀ ਕਰੂੰਬਲ, ਨਿਰੋਲ ਪਿੜ ਪੇਸ਼ਕਾਰੀ, ਵਿਦਾਇਗੀ ਤੋਰ, ਸ਼ਰਮੀਲੀਆਂ ਅੱਖਾਂ, ਲਾੜੀ ਸਰੂਪ, ਬੁਸਕਣਾ ਆਦਿ ਦੇ ਖਿਤਾਬ ਦਿੱਤੇ ਜਾਣਗੇ। ਹਰ ਮੁਟਿਆਰ ਨੂੰ ਟਰਾਫੀ ਤੇ ਸਰਟੀਫਿਕੇਟ ਦਿੱਤਾ ਜਾਵੇਗਾ।