25 ਹਜ਼ਾਰ ਨੌਕਰੀਆਂ ਇੱਕ ਸਾਲ ‘ਚ ਦੇਣ ਦਾ ਵਾਅਦਾ ਮਹਿਜ਼ 9 ਮਹੀਨਿਆਂ ‘ਚ ਹੀ ਕੀਤਾ ਪੂਰਾ : ਮੁੱਖ ਮੰਤਰੀ

0
746

ਲੁਧਿਆਣਾ। ਸੂਬਾ ਸਰਕਾਰ ਵੱਲੋਂ ਸਿਰਫ਼ ਨੌਂ ਮਹੀਨਿਆਂ ਵਿੱਚ ਰਿਕਾਰਡ 25 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵੱਡਾ ਵਾਅਦਾ ਪੂਰਾ ਕਰਨ ਦੀ ਗੱਲ ਆਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਲ 2023 ਸਿੱਖਿਆ, ਰੋਜ਼ਗਾਰ ਤੇ ਸਿਹਤ ਖੇਤਰਾਂ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਦਾ ਗਵਾਹ ਬਣਨ ਜਾ ਰਿਹਾ ਹੈ।

ਇੱਥੇ 3910 ਮਾਸਟਰ ਕੇਡਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸਰਕਾਰ ਬਣਨ ਤੋਂ ਬਾਅਦ ਵਾਅਦਾ ਕੀਤਾ ਸੀ ਕਿ ਪਹਿਲੇ ਸਾਲ ਦੌਰਾਨ 25 ਹਜ਼ਾਰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਬੇਹੱਦ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਵੱਖ-ਵੱਖ ਮਹਿਕਮਿਆਂ ਵਿੱਚ 25 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਇਸ ਵਾਅਦੇ ਨੂੰ ਸਿਰਫ਼ ਨੌਂ ਮਹੀਨਿਆਂ ਵਿੱਚ ਹੀ ਪੂਰਾ ਕਰ ਲਿਆ ਗਿਆ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੌਕਰੀਆਂ ਲਈ ਸਿਰਫ਼ ਇਕੋ-ਇਕ ਮਾਪਦੰਡ ਮੈਰਿਟ ਤੇ ਯੋਗਤਾ ਰੱਖਿਆ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਸਿੱਖਿਆ ਖੇਤਰ ਵਿੱਚ ਹੀ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ, ਜਦੋਂਕਿ 5994 ਹੋਰ ਅਧਿਆਪਕਾਂ ਦੀ ਭਰਤੀ ਦਾ ਨਵਾਂ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਭਰਤੀ ਪ੍ਰਕਿਿਰਆ ਨੂੰ ਪਾਰਦਰਸ਼ੀ ਤੇ ਸੁਚਾਰੂ ਤਰੀਕੇ ਨਾਲ ਛੇਤੀ ਮੁਕੰਮਲ ਕਰ ਲਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਤਕਰੀਬਨ 23 ਹਜ਼ਾਰ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਵੀ ਰੈਗੁਲਰ ਕੀਤੀਆਂ ਜਾਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ, ਸਿਹਤ ਤੇ ਰੋਜ਼ਗਾਰ ਵਰਗੇ ਤਿੰਨ ਖੇਤਰ ਸਾਡੀ ਸਰਕਾਰ ਦੇ ਤਰਜੀਹੀ ਖੇਤਰ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਾਲ ਦੌਰਾਨ ਇਹ ਤਿੰਨੇ ਖੇਤਰ ਅਹਿਮ ਤਬਦੀਲੀਆਂ ਦਾ ਗਵਾਹ ਬਣਨਗੇ ਕਿਉਂਕਿ ਸੂਬਾ ਸਰਕਾਰ ਇਨ੍ਹਾਂ ਖੇਤਰਾਂ ਦੇ ਵਿਕਾਸ ਲਈ ਉਤਸ਼ਾਹ ਨਾਲ ਕੰਮ ਕਰ ਰਹੀ ਹੈ।ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਧਿਆਨ ਇਨ੍ਹਾਂ ਖੇਤਰਾਂ ਵਿੱਚ ਮੁਲਾਜ਼ਮਾਂ ਦੀ ਭਰਤੀ ਤੇ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਕੇ ਸੂਬੇ ਦੇ ਹੁਨਰਮੰਦ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਉਤੇ ਕੇਂਦਰਤ ਹੈ। 

ਪੰਜਾਬ ਕੋਲ ਹੋਰ ਸੂਬਿਆਂ ਲਈ ਇਕ ਬੂੰਦ ਵੀ ਪਾਣੀ ਫਾਲਤੂ ਨਾ ਹੋਣ ਦੀ ਗੱਲ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਸੂਬੇ ਦੇ ਹਿੱਤ ਹਰ ਕੀਮਤ ਉਤੇ ਸੁਰੱਖਿਅਤ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਪੰਜਾਬ ਕਿਸੇ ਹੋਰ ਸੂਬੇ ਨੂੰ ਆਪਣੇ ਹਿੱਸੇ ਦਾ ਪਾਣੀ ਦੇਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਪਹਿਲਾਂ ਹੀ ਪਾਣੀ ਦੀ ਕਿੱਲਤ ਝੱਲ ਰਿਹਾ ਹੈ ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ ਅਤੇ ਸੂਬੇ ਦੇ ਦਰਿਆ ਸੁੱਕਦੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਆਖਿਆ ਕਿ ਜਿਨ੍ਹਾਂ ਸੂਬੇ ਦੀ ਦੌਲਤ ਦੀ ਬੇਰਹਿਮੀ ਨਾਲ ਲੁੱਟ ਕੀਤੀ, ਉਨ੍ਹਾਂ ਨੂੰ ਵਾਰੀ ਸਿਰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਮ ਆਦਮੀ ਦਾ ਸਰਮਾਇਆ ਲੁੱਟਣ ਦਾ ਘਿਨਾਉਣਾ ਜੁਰਮ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਸਜ਼ਾ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਲੋਕਾਂ ਤੋਂ ਵਾਪਸ ਕਰਵਾਏ ਪੈਸੇ ਦੀ ਵਰਤੋਂ ਲੋਕਾਂ ਦੀ ਖ਼ੁਸ਼ਹਾਲੀ ਤੇ ਸੂਬੇ ਦੇ ਤਰੱਕੀ ਲਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਦਾ ਸਮਾਰੋਹ ਵਿੱਚ ਪੁੱਜਣ ਉਤੇ ਸਵਾਗਤ ਕੀਤਾ। ਉਨ੍ਹਾਂ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿੱਖਿਆ ਖੇਤਰ ਦੇ ਸੁਧਾਰ ਲਈ ਚੁੱਕੇ ਕਦਮਾਂ ਬਾਰੇ ਵੀ ਦੱਸਿਆ।