ਜਲੰਧਰ | ਪ੍ਰਸ਼ਾਸਨ ਦੇ ਅਜੀਬੋ-ਗਰੀਬ ਫੈਸਲਿਆਂ ਕਾਰਨ ਫਿਲਹਾਲ ਜਲੰਧਰ ਸ਼ਹਿਰ ਦੇ ਲੋਕਾਂ ਨੇ ਜੇਕਰ ਅੰਮ੍ਰਿਤਸਰ ਹਾਈਵੇ ਵੱਲ ਜਾਣਾ ਹੋਵੇ ਤਾਂ ਪਹਿਲਾਂ ਸ਼ਹਿਰੋਂ ਬਾਹਰ ਰਾਮਾਮੰਡੀ ਵੱਲ ਜਾਣਾ ਪੈਂਦਾ ਹੈ।
ਇਸ ਪ੍ਰੇਸ਼ਾਨੀ ਨੂੰ ਹੱਲ ਕਰਨ ਲਈ ਹੁਣ ਪੀਏਪੀ ਚੌਕ ‘ਚ ਰੇਲਵੇ ਓਵਰਬ੍ਰਿਜ (ਆਰਓਬੀ) ਬਣਾਇਆ ਜਾ ਰਿਹਾ ਹੈ। ਆਰਓਬੀ ਬਣਨ ਤੋਂ ਬਾਅਦ ਬੀਐਮਸੀ ਚੌਕ ਤੋਂ ਆਉਣ ਵਾਲਾ ਟ੍ਰੈਫਿਕ ਬਿਨਾ ਰਾਮਾਮੰਡੀ ਗਏ ਅੰਮ੍ਰਿਤਸਰ ਵੱਲ ਜਾ ਸਕੇਗਾ। ਇਸ ਆਰਓਬੀ ਨੂੰ ਬਣਨ ‘ਚ 6 ਮਹੀਨੇ ਲੱਗਣਗੇ। ਮਤਲਬ 6 ਮਹੀਨੇ ਇਹ ਪ੍ਰੇਸ਼ਾਨੀ ਝੇਲਣੀ ਹੀ ਪਵੇਗੀ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ- 30 ਕਰੋੜ ਦੀ ਲਾਗਤ ਵਾਲਾ ਇਹ ਨਵਾਂ ਫਲਾਈਓਵਰ ਇਸ ਵਿਅਸਤ ਜੰਕਸ਼ਨ ‘ਤੇ ਨਿਰਵਿਘਨ ਟ੍ਰੈਫਿਕ ਪ੍ਰਵਾਹ ਨੂੰ ਯਕੀਨੀ ਬਣਾਏਗਾ, ਜਿੱਥੇ ਹਰ ਰੋਜ਼ ਕਈ ਜ਼ਿਲ੍ਹਿਆਂ ਅਤੇ ਰਾਜਾਂ ਤੋਂ ਆਵਾਜਾਈ ਇਕੱਠੀ ਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਟੈਂਡਰ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐਨਐਚਏਆਈ) ਨੇ ਜਾਰੀ ਕੀਤਾ ਸੀ, ਜੋ ਕਿ 22 ਦਸੰਬਰ, 2020 ਨੂੰ ਖੁੱਲ੍ਹਣ ਜਾ ਰਿਹਾ ਹੈ।
ਥੋਰੀ ਨੇ ਦੱਸਿਆ ਕਿ ਇਸ ਵੇਲੇ ਪੀਏਪੀ ਚੌਕ ਵਿਖੇ ਦੋ-ਦੋ ਮਾਰਗੀ ਆਰਓਬੀ ਹਨ ਅਤੇ ਇਹ ਤਿੰਨ ਮਾਰਗੀ ਸਮਰੱਥਾ ਵਾਲਾ ਤੀਜਾ ਫਲਾਈਓਵਰ ਹੋਵੇਗਾ।
ਡੀਸੀ ਨੇ ਦੱਸਿਆ- ਇਸ ਪ੍ਰਾਜੈਕਟ ਨਾਲ ਸੈਂਕੜੇ ਯਾਤਰੀਆਂ ਨੂੰ ਬੀਐਸਐਫ ਚੌਕ ਤੋਂ ਅੰਮ੍ਰਿਤਸਰ ਰੋਡ ਤੱਕ ਸਿੱਧੀ ਪਹੁੰਚ ਦੀ ਸਹੂਲਤ ਮਿਲੇਗੀ। ਮੌਜੂਦਾ ਸਮੇਂ ਯਾਤਰੀਆਂ ਨੂੰ ਪਹਿਲਾਂ ਰਾਮਾਂ ਮੰਡੀ ਚੌਕ ਵੱਲ ਜਾਂਦੇ ਹੋਏ ਲਗਭਗ 1.5 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ। ਫਿਰ ਅੰਮ੍ਰਿਤਸਰ ਸੜਕ ਲਈ ਯੂ-ਟਰਨ ਲੈਣਾ ਪੈਂਦਾ ਹੈ।
ਪ੍ਰਾਜੈਕਟ ਵਿਚ ਨਵੇਂ ਆਰਓਬੀ ਦੇ ਨਾਲ ਦੋ ਰੈਂਪ ਸ਼ਾਮਲ ਹਨ, ਜੋ ਕਿ ਜਲੰਧਰ ਸ਼ਹਿਰ ਵਿਚ ਬਿਨਾਂ ਕਿਸੇ ਮੁਸ਼ਕਿਲ ਤੋਂ ਅੰਮ੍ਰਿਤਸਰ ਰੋਡ ਵੱਲੋਂ ਪ੍ਰਵੇਸ਼ ਅਤੇ ਨਿਕਾਸ ਨੂੰ ਯਕੀਨੀ ਬਣਾਉਣਗੇ।
ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐਨਐਚਏਆਈ) ਦੇ ਪ੍ਰਾਜੈਕਟ ਡਾਇਰੈਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਇਸ ਫਲਾਈਓਵਰ ਦਾ ਟੈਂਡਰ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ 22 ਦਸੰਬਰ, 2020 ਨੂੰ ਖੁੱਲ੍ਹੇਗਾ। ਕੰਮ ਸ਼ੁਰੂ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਮੁਕੰਮਲ ਕੀਤਾ ਜਾਣਾ ਹੈ । ਪ੍ਰਾਜੈਕਟ ਡਾਇਰੈਕਟਰ ਨੇ ਅੱਗੇ ਕਿਹਾ ਕਿ ਨਵਾਂ ਆਰਓਬੀ ਪ੍ਰਾਜੈਕਟ ਅਗਲੇ ਸਾਲ ਦੇ ਆਰੰਭ ਵਿੱਚ ਸ਼ੁਰੂ ਹੋਵੇਗਾ।






































