ਚੰਡੀਗੜ੍ਹ | ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦੇ ਰੇਲ ਟ੍ਰੈਕ ਜਾਮ ਕੀਤੇ ਹੋਏ ਹਨ। ਜਿਸ ਕਾਰਨ ਆਮ ਗੱਡੀਆਂ ਦੀ ਆਮਦ ਵੀ ਰੁਕ ਗਈ ਹੈ। ਹੁਣ ਸਰਕਾਰ ਵੱਲੋਂ ਦੁਹਾਈ ਪਾਈ ਜਾ ਰਹੀ ਹੈ ਕਿ ਪੰਜਾਬ ‘ਚ ਕੋਲਾ ਨਾ ਪਹੁੰਚਣ ਕਾਰਨ ਸੂਬੇ ‘ਚ ਥਰਮਲ ਪਾਵਰ ਬੰਦ ਹੋਣ ਦੀ ਕਗਾਰ ‘ਤੇ ਹਨ। ਓਧਰ ਪਾਵਰਕੌਮ ਨੇ ਕੋਲੇ ਦੇ ਸੰਕਟ ਨੂੰ ਨਕਾਰ ਦਿੱਤਾ ਹੈ।
ਪਾਵਰ ਕੌਮ ਦਾ ਕਹਿਣਾ ਹੈ ਕਿ ਪੰਜਾਬ ‘ਚ ਫਿਲਹਾਲ ਘੱਟੋ-ਘੱਟ ਦੋ ਹਫਤੇ ਤਕ ਕੋਲੇ ਦਾ ਸੰਕਟ ਪੈਦਾ ਹੋਣ ਦੀ ਸੰਭਾਵਨਾ ਨਹੀਂ। ਫਿਲਹਾਲ ਬਿਜਲੀ ਦੀ ਮੰਗ ਘੱਟ ਹੈ ਜਿਸ ਕਾਰਨ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਬੰਦ ਹਨ। ਜੇਕਰ ਇਹ ਦੋਵੇਂ ਪਲਾਂਟ ਚਾਲੂ ਕੀਤੇ ਵੀ ਜਾਂਦੇ ਹਨ ਤਾਂ ਵੀ ਇਕ ਹਫਤੇ ਤਕ ਦਾ ਕੋਲਾ ਮੌਜੂਦ ਹੋਣ ਦੀ ਪਾਵਰਕੌਮ ਵੱਲੋਂ ਪੁਸ਼ਟੀ ਕੀਤੀ ਗਈ ਹੈ।