ਲੁਧਿਆਣਾ : ਸਥਾਨਕ ਗਰੇਵਾਲ ਕਾਲੋਨੀ ਟਿੱਬਾ ਰੋਡ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਬੇਟੇ ਨੇ ਕਮਰੇ ਵਿਚ ਫਾਹਾ ਲਗਾ ਕੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਫਾਹਾ ਲਗਾ ਕੇ ਮੌਤ ਨੂੰ ਗਲੇ ਲਗਾਉਣ ਵਾਲਾ ਮ੍ਰਿਤਕ ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਤਾਇਨਾਤ ਸਬ ਇੰਸਪੈਕਟਰ ਹਰਮਿੰਦਰ ਸਿੰਘ ਦਾ ਪੁੱਤਰ ਸੀ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੀ ਟਿੱਬਾ ਪੁਲਿਸ ਨੂੰ ਮ੍ਰਿਤਕ ਕੋਲੋਂ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਉਸ ਨੇ ਆਪਣੀ ਮਾਂ ਤੇ ਪਤਨੀ ਹਰਮਨ ਤੋਂ ਮੁਆਫੀ ਮੰਗੀ।
ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਦੀ ਨੌਕਰੀ ਕਰ ਰਹੇ ਹਰਮਿੰਦਰ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਦਾ ਵਿਆਹ ਕਰੀਬ ਨੌਂ ਮਹੀਨੇ ਪਹਿਲਾਂ ਹਰਮਨ ਕੌਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਸ਼ੁਰੂ ਹੋ ਗਿਆ। ਘਰੇਲੂ ਕਲੇਸ਼ ਕਾਰਨ ਤਣਾਅ ਹੇਠ ਨੌਜਵਾਨ ਨੇ ਇਹ ਆਤਮਘਾਤੀ ਕਦਮ ਚੁੱਕਿਆ। ਜਿਸ ਵੇਲੇ ਗੁਰਪ੍ਰੀਤ ਨੇ ਇਹ ਕਦਮ ਚੁੱਕਿਆ ਉਸ ਵੇਲੇ ਉਸ ਦੀ ਪਤਨੀ ਹਰਮਨ ਕੌਰ ਪੇਕੇ ਗਈ ਹੋਈ ਸੀ। ਮ੍ਰਿਤਕ ਦੀ ਮਾਂ ਸੁਖਦੀਪ ਕੌਰ ਤੜਕੇ ਉੱਠੀ ਤਾਂ ਆਪਣੇ ਪੁੱਤਰ ਦਾ ਕਮਰਾ ਬੰਦ ਵੇਖ ਕੇ ਉਸ ਨੂੰ ਆਵਾਜ਼ ਲਗਾਈ। ਕਾਫ਼ੀ ਅਵਾਜ਼ਾਂ ਦੇਣ ਦੇ ਬਾਵਜੂਦ ਕੋਈ ਜਵਾਬ ਨਾ ਆਇਆ ਤਾਂ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਬੁਲਾ ਕੇ ਕਮਰਾ ਖੋਲ੍ਹਿਆ ਗਿਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਨ੍ਹਾਂ ਗੁਰਪ੍ਰੀਤ ਦਾ ਬੇਜਾਨ ਸਰੀਰ ਵੇਖਿਆ ਤਾਂ ਪਰਿਵਾਰ ਵਿੱਚ ਚੀਕ ਚਿੰਘਾੜਾ ਪੈ ਗਿਆ।
ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਜਿਸ ਵਿੱਚ ਉਸ ਨੇ ਲਿਖਿਆ ਕਿ ਉਸ ਦੇ ਦਿਲ ਵਿੱਚ ਕਈ ਗੱਲਾਂ ਹਨ ਜੋ ਉਹ ਕਿਸੇ ਨਾਲ ਨਹੀਂ ਕਰ ਸਕਿਆ। ਮ੍ਰਿਤਕ ਨੇ ਆਪਣੇ ਸੁਸਾਈਡ ਨੋਟ ਵਿਚ ਮੁਆਫੀ ਮੰਗਦੇ ਹੋਏ ਆਪਣੀ ਪਤਨੀ ਨੂੰ ਆਪਣੇ ਮਰਨ ‘ਤੇ ਸੱਦਿਆ। ਉੱਧਰ ਮ੍ਰਿਤਕ ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਗੁਰਪ੍ਰੀਤ ਤੇ ਵਿਆਹ ਤੋਂ ਕਰੀਬ ਪੰਦਰਾਂ ਦਿਨ ਬਾਅਦ ਹੀ ਹਰਮਨ ਦਾ ਆਪਣੇ ਪਤੀ ਨਾਲ ਕਲੇਸ਼ ਸ਼ੁਰੂ ਹੋ ਗਿਆ। ਮ੍ਰਿਤਕ ਦੇ ਭਰਾ ਸਿਮਰਨ ਮੁਤਾਬਕ ਉਸ ਦੇ ਭਰਾ ਨੇ ਭਾਬੀ ਨੂੰ ਕੈਨੇਡਾ ਭੇਜਣ ਲਈ ਪੱਚੀ ਲੱਖ ਰੁਪਏ ਤੋਂ ਵੀ ਵੱਧ ਦੀ ਰਕਮ ਖਰਚ ਕੀਤੀ ਪਰ ਜਦ ਹਰਮਨ ਦਾ ਵੀਜ਼ਾ ਲੱਗ ਗਿਆ ਤਾਂ ਉਸ ਨੇ ਅੱਖਾਂ ਫੇਰ ਲਈਆਂ ਸਨ। ਬਹਰਹਾਲ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਈ ਕੋਣਾਂ ਤੋਂ ਪੜਤਾਲ ਸ਼ੁਰੂ ਕਰ ਦਿੱਤੀ ਹੈ।