ਪਰਿਵਾਰ ਨੇ ਜਿਸ ਵਿਅਕਤੀ ਦਾ ਸਾਰੀਆਂ ਰਸਮਾਂ ਨਾਲ ਕੀਤਾ ਸੀ ਸੰਸਕਾਰ, ਉਸ ਦੇ ਮੁੜ ਘਰ ਪਰਤਣ ‘ਤੇ ਹੋਏ ਸਾਰੇ ਹੈਰਾਨ, ਪੜ੍ਹੋ ਪੂਰਾ ਮਾਮਲਾ

0
792

ਤੁਮਕੁਰ/ਕਰਨਾਟਕਾ | ਕਰਨਾਟਕਾ ਦੇ ਸ਼ਹਿਰ ਤੁਮਕੁਰ ‘ਚ ਵਾਪਰੀ ਇਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

3 ਮਹੀਨੇ ਪਹਿਲਾਂ ਨਾਗਰਾਜੱਪਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਪੋਸਟਮਾਰਟਮ ਕਰਵਾਇਆ ਗਿਆ, ਇਕ ਲਾਪਤਾ ਕੇਸ ਬੰਦ ਕਰ ਦਿੱਤਾ ਗਿਆ ਤੇ ਤੁਮਕੁਰ ਵਿੱਚ ਉਸ ਦੇ ਖੇਤ ਵਿੱਚ ਸੰਸਕਾਰ ਕੀਤਾ ਗਿਆ ਸੀ ਪਰ 3 ਮਹੀਨਿਆਂ ਬਾਅਦ ਉਹ ਬੱਸ ‘ਚੋਂ ਉੱਤਰ ਕੇ ਸਿੱਧਾ ਘਰ ਨੂੰ ਤੁਰ ਪਿਆ, ਜਿਸ ਨੂੰ ਦੇਖ ਸਾਰੇ ਹੈਰਾਨ ਰਹਿ ਗਏ।

ਨਾਗਰਾਜੱਪਾ ਸ਼ਰਾਬੀ ਸੀ, ਜਿਸ ਕਾਰਨ ਉਸ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਲਈ ਉਸ ਨੂੰ ਇਸ ਸਾਲ ਅਗਸਤ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸ (Nimhans) ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਬਾਅਦ ਵਿੱਚ ਕੋਰਾਮੰਗਲਾ, ਬੈਂਗਲੁਰੂ ਦੇ ਇਕ ਹੋਰ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਸੀ। ਉਸ ਦੀ ਧੀ ਨੇਤਰਵਤੀ ਉਥੇ ਹੈਲਥਕੇਅਰ ਵਰਕਰ ਵਜੋਂ ਕੰਮ ਕਰਦੀ ਸੀ। ਇਕ ਦਿਨ ਨਾਗਰਾਜੱਪਾ ਹਸਪਤਾਲ ਤੋਂ ਲਾਪਤਾ ਹੋ ਗਿਆ।

ਨੇਤਰਵਤੀ ਨੇ ਕਿਹਾ ਕਿ 13 ਸਾਲ ਪਹਿਲਾਂ ਉਹ ਘਰ ਛੱਡ ਗਿਆ ਸੀ ਤੇ ਅਸੀਂ ਸਾਰੇ ਘਬਰਾ ਗਏ ਸੀ ਪਰ ਬਾਅਦ ਵਿੱਚ ਉਹ ਵਾਪਸ ਆ ਗਿਆ। ਇਸ ਵਾਰ ਸਤੰਬਰ ਵਿੱਚ ਜਦੋਂ ਉਹ ਹਸਪਤਾਲ ਤੋਂ ਲਾਪਤਾ ਹੋ ਗਿਆ ਤਾਂ ਅਸੀਂ ਸੋਚਿਆ ਕਿ ਉਹ ਕੁਝ ਸਮੇਂ ਵਿੱਚ ਵਾਪਸ ਆ ਜਾਵੇਗਾ ਪਰ ਉਹ ਨਹੀਂ ਆਇਆ। ਇਸ ਲਈ ਅਸੀਂ ਚਿੰਤਤ ਸੀ।

18 ਸਤੰਬਰ ਨੂੰ ਪ੍ਰਾਈਵੇਟ ਹਸਪਤਾਲ ਦੇ ਸੁਰੱਖਿਆ ਗਾਰਡ ਨੇ ਨੇਤਰਾਵਤੀ ਨੂੰ ਫੋਨ ਕੀਤਾ ਤੇ ਕਿਹਾ ਕਿ ਉਸ ਦੇ ਪਿਤਾ ਹਸਪਤਾਲ ਦੇ ਸਾਹਮਣੇ ਮ੍ਰਿਤਕ ਪਾਏ ਗਏ ਸਨ। ਕਿਸੇ ਤਰ੍ਹਾਂ ਮਰੇ ਹੋਏ ਵਿਅਕਤੀ ਦੀ ਲਾਸ਼ ਨਾਗਰਾਜੱਪਾ ਨਾਲ ਕਾਫੀ ਮਿਲਦੀ-ਜੁਲਦੀ ਸੀ।

ਸੜਕ ਤੋਂ ਲਾਸ਼ ਮਿਲਣ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਵਾਇਆ। ਰਿਪੋਰਟ ਵਿੱਚ ਕਿਹਾ ਗਿਆ ਕਿ ਉਸ ਨੂੰ ਮੇਰੇ ਪਿਤਾ ਵਾਂਗ ਹੀ ਟੀਬੀ ਸੀ, ਸਰੀਰ ਦੀ ਬਣਤਰ ਅਤੇ ਕੱਦ ਮੇਰੇ ਪਿਤਾ ਦੇ ਸਮਾਨ ਸੀ। ਸਾਰੇ ਪਰਿਵਾਰ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਉਸ ਦਾ ਪਿਤਾ ਹੀ ਹੈ।

ਨੇਤਰਵਤੀ ਨੇ ਕਿਹਾ ਕਿ ਪਰਿਵਾਰ ਵਾਲਿਆਂ ਨੇ ਪੁਲਿਸ ਦੀਆਂ ਰਸਮੀ ਕਾਰਵਾਈ ਨੂੰ ਵੀ ਟਾਲ ਦਿੱਤਾ ਤੇ ਲਾਸ਼ ਨੂੰ ਚੁੱਕ ਲਿਆ। ਉਹ ਇਸ ਨੂੰ ਘਰ ਵਾਪਸ ਲੈ ਆਏ ਤੇ ਚਿੱਕਮਾਲੁਰੂ, ਤੁਮਕੁਰੂ ਜ਼ਿਲੇ ਵਿੱਚ ਆਪਣੇ ਫਾਰਮ ‘ਚ ਇਸ ਦਾ ਸੰਸਕਾਰ ਕੀਤਾ ਗਿਆ। ਉਨ੍ਹਾਂ ਨੇ ਸਾਰੀਆਂ ਅੰਤਿਮ ਰਸਮਾਂ ਨਿਭਾਈਆਂ।

ਜਦੋਂ ਨਾਗਰਾਜੱਪਾ ਨੂੰ ਪੁੱਛਿਆ ਗਿਆ ਕਿ ਉਹ ਇੰਨੇ ਦਿਨ ਕਿੱਥੇ ਸਨ ਤਾਂ ਉਨ੍ਹਾਂ ਕਿਹਾ, ”ਮੈਨੂੰ ਹਸਪਤਾਲ ਵਿੱਚ ਰਹਿਣਾ ਚੰਗਾ ਨਹੀਂ ਲੱਗ ਰਿਹਾ ਸੀ। ਇਸ ਲਈ ਮੈਂ ਉਥੋਂ ਫਰਾਰ ਹੋ ਗਿਆ ਤੇ ਇਧਰ-ਉਧਰ ਘੁੰਮ ਰਿਹਾ ਸੀ। ਹੁਣ ਮੈਂ ਘਰ ਆ ਗਿਆ ਹਾਂ।”

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ