ਨਵੀਂ ਦਿੱਲੀ। ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੇ ਮਾਲਿਸ਼ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਜੇਲ੍ਹ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸਤੇਂਦਰ ਜੈਨ ਦੀ ਮਾਲਿਸ਼ ਕਰਨ ਵਾਲੇ ਵਿਅਕਤੀ ਉਤੇ ਜਬਰ ਜਨਾਹ ਦਾ ਦੋਸ਼ ਹੈ। ਸਤੇਂਦਰ ਜੈਨ ਦੀ ਮਾਲਿਸ਼ ਕਰਨ ਵਾਲਾ ਰਿੰਕੂ ਪੁੱਤਰ ਤਾਰਾਚੰਦ ਜਬਰ ਜਨਾਹ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਹੈ, ਉਹ ਕੋਈ ਵੀ ਫਿਜ਼ੀਥੈਰੇਪਿਸਟ ਨਹੀਂ ਹੈ। ਉਸ ਉੱਤੇ ਪੋਕਸੋ ਦੀ ਧਾਰਾ 6 ਅਤੇ ਆਈਪੀਸੀ ਦੀਆਂ ਧਾਰਾਵਾਂ 376, 506 ਅਤੇ 509 ਦੇ ਤਹਿਤ ਦੋਸ਼ ਲਗਾਇਆ ਗਿਆ ਹੈ।
ਦਿੱਲੀ ਦੀ ਤਿਹਾੜ ਜੇਲ੍ਹ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਕਥਿਤ ਵੀਡੀਓ ‘ਚ ਸਤੇਂਦਰ ਜੈਨ ਪੈਰਾਂ ਦੀ ਮਸਾਜ ਕਰਵਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਬੈੱਡ ‘ਤੇ ਕਾਫੀ ਆਰਾਮ ਨਾਲ ਪਿਆ ਹੋਇਆ ਹੈ। ਉਨ੍ਹਾਂ ਦੇ ਹੱਥਾਂ-ਪੈਰਾਂ ਦੀ ਮਾਲਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਸੀ ਕਿ ਉਹ ਵਿਅਕਤੀ “ਫਿਜ਼ੀਓਥੈਰੇਪੀ” ਕਰਵਾ ਰਿਹਾ ਸੀ। ਸੂਤਰਾਂ ਨੇ ਆਮ ਆਦਮੀ ਪਾਰਟੀ ਦੇ ਇਸ ਦਾਅਵੇ ਦਾ ਖੰਡਨ ਕੀਤਾ ਹੈ।
ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਮਾਲਿਸ਼ ਕਰਨ ਵਾਲੇ ਮੁਲਜ਼ਮ ਦਾ ਨਾਂ ਰਿੰਕੂ ਹੈ, ਉਸ ਨੂੰ ਸਾਲ 2021 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ‘ਤੇ ਉਸ ਦੀ ਹੀ ਨਾਬਾਲਗ ਧੀ ਨੇ ਦੋਸ਼ ਲਗਾਏ ਸਨ ਕਿ ਉਸ ਦੇ ਪਿਤਾ ਨੇ ਉਸ ਨਾਲ ਉਸ ਸਮੇਂ ਜਬਰ ਜਨਾਹ ਕੀਤਾ ਹੈ। ਨਾਬਾਲਗ ਲੜਕੀ ਉਸ ਸਮੇਂ 10ਵੀਂ ਜਮਾਤ ਦੀ ਵਿਦਿਆਰਥਣ ਸੀ। ਇਹ ਮਾਮਲਾ ਦਵਾਰਕਾ ਜ਼ਿਲ੍ਹੇ ਦੇ ਜਾਫਰਪੁਰ ਕਲਾ ਥਾਣੇ ਦਾ ਹੈ। ਮੁਲਜ਼ਮ ਰਿੰਕੂ ਦੇ ਮਾਮਲੇ ਦੀ ਸੁਣਵਾਈ ਅਜੇ ਵੀ ਚੱਲ ਰਹੀ ਹੈ।
ਕਾਬਿਲੇਗੌਰ ਹੈ ਕਿ ਭਾਜਪਾ ਨੇ ਸ਼ਨਿੱਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਨ੍ਹਾਂ ਵੀਡੀਓਜ਼ ਉਪਰ ਚੁੱਪੀ ‘ਤੇ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ‘ਚ ਤਿਹਾੜ ਜੇਲ੍ਹ ਮੰਤਰੀ ਸਤੇਂਦਰ ਜੈਨ ਕਥਿਤ ਤੌਰ ‘ਤੇ ਮਸਾਜ ਕਰਵਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦਾ ਹਵਾਲਾ ਦਿੰਦੇ ਹੋਏ ਭਾਜਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ‘ਸਪਾ ਐਂਡ ਮਸਾਜ ਪਾਰਟੀ’ ਬਣ ਗਈ ਹੈ।