ਪੰਜਾਬ ਦੇ ਲੋਕਾਂ ਨੇ ਕੀਤੀ ਹੱਦ : ਫ੍ਰੀ ਯੂਨਿਟਾਂ ਮਿਲਣ ਦੇ ਬਾਵਜੂਦ ਚੋਰੀ ਕੀਤੀ 1600 ਕਰੋੜ ਦੀ ਬਿਜਲੀ

0
4865

ਚੰਡੀਗੜ੍ਹ, 6 ਸਤੰਬਰ| ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਤੋਂ ਪੂਰੇ ਸੂਬੇ ਵਿਚ 300 ਯੂਨਿਟ ਬਿਜਲੀ ਮੁਫ਼ਤ ਦਿਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਲੋਕ ਬਿਜਲੀ ਚੋਰੀ ਕਰਨ ਤੋਂ ਬਾਜ਼ ਨਹੀਂ ਆ ਰਹੇ। ਚੋਰੀ ਕੀਤੀ ਬਿਜਲੀ ਨਾਲ ਲੋਕਾਂ ਦੇ ਘਰ-ਘਰ ਰੌਸ਼ਨ ਕਰਨ ਦੀ ਮਾੜੀ ਸੋਚ ਸੂਬਾ ਸਰਕਾਰ ਅਤੇ ਸੂਬੇ ਦੀ ਬਿਜਲੀ ਵੰਡ ਸੰਸਥਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਲਈ ਲਗਾਤਾਰ ਸਮੱਸਿਆਵਾਂ ਪੈਦਾ ਕਰ ਰਹੀ ਹੈ।

ਬਿਜਲੀ ਮੀਟਰ ਰੀਡਰਾਂ ਨਾਲ ਮਿਲ ਕੇ ਸੂਬੇ ਦੇ ਬਿਜਲੀ ਚੋਰਾਂ ਨੇ ਪੀ.ਐੱਸ.ਪੀ.ਸੀ.ਐੱਲ. ਨਾਲ 1600 ਕਰੋੜ ਦਾ ਧੋਖਾ ਕੀਤਾ ਹੈ, ਜਦਕਿ ਵੱਡੀ ਗੱਲ ਇਹ ਹੈ ਕਿ ਸਥਾਨਕ ਆਗੂਆਂ ਦੀ ਦਖਲਅੰਦਾਜ਼ੀ ਕਾਰਨ ਪਾਵਰਕਾਮ ਬਿਜਲੀ ਚੋਰਾਂ ਖਿਲਾਫ਼ ਕਾਰਵਾਈ ਕਰਨ ਦੇ ਸਮਰੱਥ ਨਹੀਂ ਹੈ।

ਨਵੀਂ ਰਿਪੋਰਟ ਅਨੁਸਾਰ ਪੰਜਾਬ ਦੇ ਲੋਕ ਮੁਫਤ ਬਿਜਲੀ ਦੀ ਸਹੂਲਤ ਲੈਣ ਦੇ ਲਾਲਚ ਵਿਚ ਬਿਜਲੀ ਚੋਰੀ ਕਰ ਰਹੇ ਹਨ। ਸਮੇਂ ਦੇ ਨਾਲ ਬਿਜਲੀ ਚੋਰੀ ਦੇ ਤਰੀਕੇ ਵੀ ਬਦਲ ਗਏ ਹਨ, ਹੁਣ ਲੋਕ ਮੀਟਰ ਰੀਡਰਾਂ ਦੀ ਮਦਦ ਨਾਲ ਅੰਨ੍ਹੇਵਾਹ ਬਿਜਲੀ ਚੋਰੀ ਕਰ ਰਹੇ ਹਨ। ਬਿਜਲੀ ਦੀ ਜ਼ਿਆਦਾ ਖਪਤ ਹੋਣ ਦੇ ਬਾਵਜੂਦ ਦੋ ਮਹੀਨਿਆਂ ਵਿੱਚ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ 600 ਯੂਨਿਟ ਤੋਂ ਵੀ ਘੱਟ ਆ ਰਹੇ ਹਨ। ਇਹ ਅੰਕੜੇ ਸਾਫ਼ ਦਰਸਾਉਂਦੇ ਹਨ ਕਿ ਕਿਵੇਂ ਲੋਕ ਪਾਵਰਕਾਮ ਦੇ ਮੀਟਰ ਰੀਡਰਾਂ ਨਾਲ ਮਿਲ ਕੇ ਬਿਜਲੀ ਯੂਨਿਟਾਂ ਦੀ ਰੀਡਿੰਗ  ਪਿੱਛੇ ਕਰ ਰਹੇ ਹਨ। 

ਪਿਛਲੇ ਇਕ ਸਾਲ ਵਿਚ ਪੰਜਾਬ ਵਿਚ ਇਸ ਤਰਕੀਬ ਦੀ ਵਰਤੋਂ ਕਰਦਿਆਂ 2200 ਲੱਖ ਯੂਨਿਟ ਬਿਜਲੀ ਦੀ ਚੋਰੀ ਕੀਤੀ ਗਈ ਹੈ। ਇਸ ਦੀ ਕੀਮਤ 1600 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਪਾਵਰਕਾਮ ਵੱਲੋਂ ਪਾਵਰ ਯੂਨਿਟ ਖ਼ਰਾਬ ਹੋਣ ਸਬੰਧੀ 40 ਮੀਟਰ ਰੀਡਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਇਨ੍ਹਾਂ ਰੀਡਰਾਂ ਨੇ ਮੀਟਰਾਂ ਨਾਲ ਛੇੜਛਾੜ ਕਰਕੇ ਰੀਡਿੰਗ ਬਦਲ ਲਈ ਸੀ। ਪਾਵਰਕਾਮ ਦੀਆਂ ਇਨਫੋਰਸਮੈਂਟ ਟੀਮਾਂ ਵੱਲੋਂ ਜਦੋਂ ਚੈਕਿੰਗ ਕੀਤੀ ਗਈ ਤਾਂ ਇਨ੍ਹਾਂ ਮੀਟਰ ਰੀਡਰਾਂ ਦੀ ਚੋਰੀ ਦਾ ਪਤਾ ਲੱਗਾ।