ਚਪੜਾਸੀ ਨੇ ਕੋਠੀ ‘ਚ ਖੋਲ੍ਹ ਰੱਖਿਆ ਸੀ ਠੇਕਾ, ਬੋਤਲਾਂ ਰੱਖਣ ਲਈ ਬਣਾਈ ਸੀ ਸਪੈਸ਼ਲ ਅਲਮਾਰੀ

0
1085

ਗੁਰਦਾਸਪੁਰ (ਜਸਵਿੰਦਰ ਬੇਦੀ) | ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਐਕਸਾਈਜ਼ ਵਿਭਾਗ ਦੀ ਟੀਮ ਨੇ ਅੱਜ ਪਿੰਡ ਚੱਗੁਵਾਲ ਵਿਖੇ ਵੱਡੀ ਕਾਰਵਾਈ ਕੀਤੀ, ਜਿਸ ਤਹਿਤ ਸਹਾਇਕ ਕਮਿਸ਼ਨਰ ਆਬਕਾਰੀ ਵਿਭਾਗ ਗੁਰਦਾਸਪੁਰ ਨੇ ਟੀਮ ਨਾਲ ਚੱਗੁਵਾਲ ਪਹੁੰਚ ਕੇ ਇਕ ਸਰਕਾਰੀ ਸਕੂਲ ਦੇ ਚਪੜਾਸੀ ਦੇ ਘਰ ਰੇਡ ਕਰ ਕੇ 40 ਪੇਟੀਆਂ ਬਿਨਾਂ ਕਿਸੇ ਲੇਬਲ ਚੰਡੀਗੜ੍ਹ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਹ ਸ਼ਰਾਬ ਇੱਕ ਖਾਸ ਅਲਮਾਰੀ ਵਿੱਚ ਲੁਕਾਈ ਗਈ ਸੀ।

ਆਬਕਾਰੀ ਵਿਭਾਗ ਸਹਾਇਕ ਕਮਿਸ਼ਨਰ ਰਾਜਵਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਚੱਗੁਵਾਲ ਵਿੱਚ ਇਕ ਵਿਅਕਤੀ ਆਪਣੇ ਘਰ ਵਿਚ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜਿਸ ਤਹਿਤ ਅੱਜ ਟੀਮ ਨੇ ਸਦਰ ਪੁਲਿਸ ਨਾਲ ਪਿੰਡ ਵਿੱਚ ਪਹੁੰਚ ਕੇ ਪਹਿਲਾਂ ਇਕ ਫਰਜ਼ੀ ਗਾਹਕ ਨੂੰ ਸ਼ਰਾਬ ਖਰੀਦਣ ਲਈ ਭੇਜਿਆ, ਜਿਥੋਂ ਗਾਹਕ ਨੇ 5 ਬੋਤਲਾਂ ਖ਼ਰੀਦੀਆਂ, ਇਸ ਤੋਂ ਤੁਰੰਤ ਬਾਅਦ ਟੀਮ ਨੇ ਛਾਪੇਮਾਰੀ ਕੀਤੀ।

ਘਰ ਦੇ ਵੱਖ-ਵੱਖ ਕਮਰਿਆਂ ਦੀਆਂ ਅਲਮਾਰੀਆਂ ‘ਚ ਲੁਕਾ ਕੇ ਰੱਖੀਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ। ਵਿਅਕਤੀ ਨੇ ਇੱਕ ਵੱਡੀ ਅਲਮਾਰੀ ਵਿੱਚ ਵੀ ਸ਼ਰਾਬ ਲੁਕਾ ਕੇ ਰੱਖੀ ਹੋਈ ਸੀ। 3 ਘੰਟੇ ਦੀ ਮਿਹਨਤ ਤੋਂ ਬਾਅਦ ਵੱਖ-ਵੱਖ ਕੰਪਨੀਆਂ ਦੀ ਸ਼ਰਾਬ ਬਰਾਮਦ ਹੋਈ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਵਿਅਕਤੀ ਇੱਕ ਸਰਕਾਰੀ ਸਕੂਲ ਵਿੱਚ ਚਪੜਾਸੀ ਵਜੋਂ ਨੌਕਰੀ ਕਰਦਾ ਹੈ ਅਤੇ ਆਪਣੇ ਆਲੀਸ਼ਾਨ ਘਰ ‘ਚ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਵੀ ਕਰ ਰਿਹਾ ਸੀ ਅਤੇ ਇਸ ਦੇ ਪੁੱਤਰ ਵੀ ਇਸ ਕੰਮ ਵਿਚ ਇਸ ਦਾ ਸਾਥ ਦਿੰਦੇ ਸਨ। ਅਸ਼ੋਕ ਮਹਾਜਨ ਅਤੇ ਉਸ ਦੇ ਪੁੱਤਰ ਮਨੀ ਮਹਾਜਨ ਅਤੇ ਸੰਦੀਪ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪਰ ਅਸ਼ੋਕ ਮਹਾਜਨ ਦੌੜਨ ਵਿੱਚ ਕਾਮਯਾਬ ਹੋ ਗਿਆ, ਜਦ ਕਿ ਉਸ ਦੇ ਪੁੱਤਰ ਗ੍ਰਿਫ਼ਤਾਰ ਕਰ ਲਏ ਗਏ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)