ਤਰਨਤਾਰਨ| ਪਿੰਡ ਬਾਣੀਆ ਵਿਖੇ ਸ਼ਨੀਵਾਰ ਨੂੰ ਕਈ ਘਰਾਂ ਦੇ ਚੁੱਲ੍ਹੇ ਨਹੀਂ ਬਲੇ। ਪਿੰਡ ਨਾਲ ਸੰਬੰਧਤ ਪੰਜਾਬ ਪੁਲਿਸ ਦੇ ਏ.ਐਸ.ਆਈ.ਸਤਨਾਮ ਸਿੰਘ ਬਾਵਾ ਆਪਣੀ ਪਤਨੀ ਜਗਦੀਸ਼ ਕੌਰ ਨਾਲ ਜਿਸ ਪੁੱਤਰ ਨੂੰ ਮਿਲਣ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਏ ਸਨ, ਉਨ੍ਹਾਂ ਨੂੰ ਉਸ ਪੁੱਤਰ ਦੀ ਲਾਸ਼ ਲੈ ਕੇ ਆਉਣਾ ਪਵੇਗਾ, ਇਹ ਸ਼ਾਇਦ ਇਸ ਮਾਂ-ਬਾਪ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। 2016 ਵਿੱਚ ਸਟੱਡੀ ਬੇਸ ‘ਤੇ ਕੈਨੇਡਾ ਗਏ ਨਵਰੂਪ ਜੌਹਲ ਅਚਾਨਕ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ।
ਕੁਝ ਸਮੇਂ ਪਹਿਲਾਂ ਪੁੱਤਰ ਨਵਰੂਪ ਜੌਹਲ ਨੂੰ ਮਿਲਣ ਲਈ ਉਸ ਦੇ ਪਿਤਾ ਏ. ਐਸ.ਆਈ. ਸਤਨਾਮ ਸਿੰਘ ਬਾਵਾ ਅਤੇ ਮਾਂ ਜਗਦੀਸ਼ ਕੌਰ ਕੈਨੇਡਾ ਗਏ ਹੋਏ ਸਨ। ਸ਼ਨੀਵਾਰ ਨੂੰ ਅਚਾਨਕ ਪਿਤਾ ਸਤਨਾਮ ਸਿੰਘ ਬਾਵਾ ਨੇ ਆਪਣੀ ਲੜਕੀ ਨਵਦੀਪ ਕੌਰ ਨੂੰ ਫੋਨ ਕਰ ਕੇ ਦੱਸਿਆ ਕਿ ਹੁਣ ਤੁਹਾਡਾ ਭਾਈ ਨਵਰੂਪ ਜੌਹਲ ਇਸ ਦੁਨੀਆ ਵਿੱਚ ਨਹੀਂ ਰਿਹਾ। ਇਹ ਸੁਣਦੇ ਹੀ ਨਵਦੀਪ ਕੌਰ ਦੇ ਪੈਰਾਂ ਹੇਠਿਓਂ ਜ਼ਮੀਨ ਖਿਸਕ ਗਈ। ਨਵਰੂਪ ਜੌਹਲ ਦੇ ਕਰੀਬੀ ਰਿਸ਼ਤੇਦਾਰ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਕੈਨੇਡਾ ਪੜ੍ਹਾਈ ਕਰ ਰਹੇ ਉਕਤ ਨੌਜਵਾਨ ਨੂੰ ਅਚਾਨਕ ਕਿਸੇ ਬੀਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਪਰ ਇਹ ਪਤਾ ਨਹੀਂ ਸੀ ਕਿ ਨਵਰੂਪ ਜੌਹਲ ਦੀ ਮੌਤ ਹੋ ਜਾਵੇਗੀ। ਨਵਰੂਪ ਜੌਹਲ ਦੀ ਲਾਸ਼ ਭਾਰਤ ਲਿਆਉਣ ਲਈ ਉਸ ਦੇ ਮਾਂ-ਬਾਪ ਲੱਗੇ ਹੋਏ ਹਨ।






































