ਲਵ ਮੈਰਿਜ ਦਾ ਦਰਦਨਾਕ ਅੰਤ ! ਘਰਵਾਲੀ ਤੋਂ ਪ੍ਰੇਸ਼ਾਨ ਪਤੀ ਨੇ ਨਿਗਲਿਆ ਜ਼.ਹਿਰ, ਮੌ.ਤ

0
8461

ਫਤਿਹਗੜ੍ਹ ਸਾਹਿਬ | ਪਿੰਡ ਤਲਾਨੀਆ ‘ਚ ਪ੍ਰੇਮ ਵਿਆਹ ਦਾ ਭਿਆਨਕ ਅੰਤ ਹੋ ਗਿਆ। ਇਥੇ ਪਤਨੀ ਤੋਂ ਪਰੇਸ਼ਾਨ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਰਿੰਦਰ ਕੁਮਾਰ (27) ਵਜੋਂ ਹੋਈ ਹੈ। ਪੁਲਿਸ ਨੇ ਨਰਿੰਦਰ ਕੁਮਾਰ ਦੇ ਪਿਤਾ ਕਾਕਾ ਸਿੰਘ ਦੀ ਸ਼ਿਕਾਇਤ ’ਤੇ ਨਰਿੰਦਰ ਦੀ ਪਤਨੀ ਪ੍ਰਿਅੰਕਾ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਔਰਤ ਫਰਾਰ ਹੈ।

ਜਾਣਕਾਰੀ ਅਨੁਸਾਰ 18 ਦਸੰਬਰ 2022 ਨੂੰ ਤਲਾਨੀਆ ਦੇ ਰਹਿਣ ਵਾਲੇ 27 ਸਾਲਾ ਨਰਿੰਦਰ ਕੁਮਾਰ ਨੇ ਪ੍ਰਿਅੰਕਾ ਨਾਲ ਲਵ ਮੈਰਿਜ ਕੀਤੀ ਸੀ। ਦੋਵੇਂ ਪਰਿਵਾਰ ਵਿਆਹ ਲਈ ਰਾਜ਼ੀ ਨਹੀਂ ਸਨ, ਇਸ ਲਈ ਨਰਿੰਦਰ ਆਪਣੀ ਪਤਨੀ ਸਮੇਤ ਕਿਰਾਏ ‘ਤੇ ਰਹਿਣ ਲੱਗਾ। ਕੁਝ ਸਮੇਂ ਬਾਅਦ ਕਾਕਾ ਸਿੰਘ ਨੇ ਆਪਣੇ ਲੜਕੇ ਅਤੇ ਨੂੰਹ ਨੂੰ ਘਰ ਵਿਚ ਵੱਖਰਾ ਕਮਰਾ ਦੇ ਦਿੱਤਾ ਸੀ। ਦੋਵੇਂ ਕਮਰੇ ਵਿਚ ਰਹਿਣ ਲੱਗ ਪਏ। ਕਾਕਾ ਸਿੰਘ ਅਨੁਸਾਰ ਉਸ ਦੇ ਲੜਕੇ ਅਤੇ ਨੂੰਹ ਵਿਚਕਾਰ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਸੀ।

ਕਾਕਾ ਸਿੰਘ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਪ੍ਰਿਅੰਕਾ ਦਾ ਨਰਿੰਦਰ ਕੁਮਾਰ ਨਾਲ ਅਕਸਰ ਝਗੜਾ ਰਹਿੰਦਾ ਸੀ। ਉਸ ਨੇ ਆਪਣੇ ਬੇਟੇ ਨੂੰ ਉਸ ਨਾਲ ਬੋਲਣ ਤੋਂ ਵੀ ਰੋਕ ਦਿੱਤਾ। 12 ਜਨਵਰੀ ਨੂੰ ਪ੍ਰਿਅੰਕਾ ਆਪਣੇ ਨਾਨਕੇ ਘਰ ਗਈ ਸੀ। ਇਸ ਤੋਂ ਬਾਅਦ ਨਰਿੰਦਰ ਕੁਮਾਰ ਨੇ ਉਸ ਨੂੰ ਦੱਸਿਆ ਕਿ ਪ੍ਰਿਅੰਕਾ ਉਸ ਨੂੰ ਬਹੁਤ ਪ੍ਰੇਸ਼ਾਨ ਕਰਦੀ ਹੈ। ਉਸ ਨੂੰ ਮਰਨ ਲਈ ਮਜਬੂਰ ਕੀਤਾ ਗਿਆ ਹੈ। 17 ਅਪ੍ਰੈਲ ਦੀ ਸ਼ਾਮ ਨੂੰ ਉਸ ਦਾ ਲੜਕਾ ਨਾਭਾ ਸਥਿਤ ਆਪਣੇ ਸਹੁਰੇ ਘਰ ਗਿਆ ਹੋਇਆ ਸੀ। ਜਿਥੋਂ ਉਸਦੀ ਪਤਨੀ ਉਸ ਦੇ ਨਾਲ ਨਹੀਂ ਆਈ। 18 ਅਪ੍ਰੈਲ ਦੀ ਰਾਤ 9 ਵਜੇ ਉਸ ਦਾ ਲੜਕਾ ਘਰ ਵਾਪਸ ਆਇਆ ਅਤੇ ਕਮਰੇ ਵਿਚ ਚਲਾ ਗਿਆ। ਕੁਝ ਦੇਰ ਬਾਅਦ ਨਰਿੰਦਰ ਕੁਮਾਰ ਨੂੰ ਬੈੱਡ ‘ਤੇ ਪਿਆ ਮਿਲਿਆ, ਜਿਸ ਦਾ ਸਰੀਰ ਨੀਲਾ ਹੋ ਚੁੱਕਾ ਸੀ। ਪਹਿਲਾਂ ਉਹ ਨਰਿੰਦਰ ਕੁਮਾਰ ਨੂੰ ਬੱਸੀ ਪਠਾਣਾਂ ਦੇ ਨਿੱਜੀ ਹਸਪਤਾਲ ਲੈ ਗਿਆ, ਜਿਥੋਂ ਉਸ ਨੂੰ ਸਰਕਾਰੀ ਹਸਪਤਾਲ ਫਤਿਹਗੜ੍ਹ ਸਾਹਿਬ ਲਿਜਾਇਆ ਗਿਆ। ਡਾਕਟਰਾਂ ਨੇ ਨਰਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ।

ਫਤਹਿਗੜ੍ਹ ਸਾਹਿਬ ਦੇ ਐਸਐਚਓ ਅਮਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨਰਿੰਦਰ ਕੁਮਾਰ ਦੇ ਪਿਤਾ ਕਾਕਾ ਸਿੰਘ ਦੀ ਸ਼ਿਕਾਇਤ ’ਤੇ ਪ੍ਰਿਅੰਕਾ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਦੋਸ਼ੀ ਔਰਤ ਦੀ ਭਾਲ ਜਾਰੀ ਹੈ।