ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਕੁਝ ਦਿਨਾਂ ਬਾਅਦ ਸੀ ਵਿਆਹ

0
620

ਮੋਹਾਲੀ/ਬਨੂੜ | ਕੈਨੇਡਾ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਐਡਮਿੰਟਨ ਵਿਖੇ ਰਹਿੰਦੇ ਪੰਜਾਬੀ ਨੌਜਵਾਨ ਜਸਕੀਰਤ ਸਿੰਘ (25) ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਵਾਰਡ ਨੰਬਰ 12 ਦੇ ਵਸਨੀਕ ਅਤੇ ਪੰਜਾਬ ਸਿਵਲ ਸਕੱਤਰੇਤ ਵਿਚ ਪ੍ਰਾਈਵੇਟ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਜਰਨੈਲ ਸਿੰਘ ਦਾ ਪੁੱਤਰ ਸੀ। ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਦਾ ਪੀਆਰ ਸੀ। ਐਤਵਾਰ ਸਵੇਰੇ 7 ਵਜੇ ਉਹ ਕੰਮ ’ਤੇ ਜਾਣ ਲਈ ਤਿਆਰ ਹੋਇਆ ਸੀ। ਇਸ ਦੌਰਾਨ ਉਹ ਦੋਸਤ ਨਾਲ ਮੋਬਾਇਲ ’ਤੇ ਗੱਲ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਆਵਾਜ਼ ਬੰਦ ਹੋ ਗਈ।

ਜਦੋਂ ਦੋਸਤ ਨੇ ਆ ਕੇ ਦੇਖਿਆ ਤਾਂ ਜਸਕੀਰਤ ਕਮਰੇ ਵਿਚ ਡਿੱਗਿਆ ਪਿਆ ਸੀ। ਇਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਜਸਕੀਰਤ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਦੱਸਿਆ ਕਿ ਜਸਕੀਰਤ ਸਿੰਘ 2017 ਵਿਚ ਕੈਨੇਡਾ ਪੜ੍ਹਨ ਗਿਆ ਸੀ। ਐਡਮਿੰਟਨ ਵਿਚ ਉਸ ਨਾਲ ਉਸ ਦਾ ਭਰਾ ਅਰਸ਼ਦੀਪ ਸਿੰਘ ਵੀ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਜਸਕੀਰਤ ਸਿੰਘ ਦੇ ਮਾਤਾ-ਪਿਤਾ ਉਸ ਦੇ ਵਿਆਹ ਦੀ ਤਿਆਰੀ ਕਰ ਰਹੇ ਸਨ। ਹੁਣ ਜਸਕੀਰਤ ਸਿੰਘ ਦੇ ਅੰਤਿਮ ਸੰਸਕਾਰ ਲਈ ਉਸ ਦੇ ਪਿਤਾ ਅਤੇ ਮਾਤਾ ਕੈਨੇਡਾ ਲਈ ਰਵਾਨਾ ਹੋਣਗੇ।