ਯੂਕਰੇਨ ’ਚ MBBS ਦੀ ਪੜ੍ਹਾਈ ਕਰਨ ਗਏ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਹਾਦਸੇ ’ਚ ਮੌਤ

0
500

ਡੇਰਾਬੱਸੀ| ਮੂਲ ਰੂਪ ਵਿਚ ਡੇਰਾਬੱਸੀ ਹਲਕੇ ਦੇ ਰਹਿਣ ਵਾਲੇ ਪਾਰਸ ਰਾਣਾ ਦੀ ਯੂਕਰੇਨ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਦੋ ਭੈਣਾਂ ਦਾ ਇਕਲੌਤਾ ਭਰਾ ਪਾਰਸ ਯੂਕਰੇਨ ਦੇ ਕੀਵ ਸ਼ਹਿਰ ਵਿਚ ਐਮਬੀਬੀਐੱਸ ਦੇ ਚੌਥੇ ਸਾਲ ਦਾ ਵਿਦਿਆਰਥੀ ਸੀ। ਹਾਦਸੇ ਤੋਂ ਬਾਅਦ ਚੂਲੇ ਦੇ ਆਪਰੇਸ਼ਨ ਦੌਰਾਨ ਜ਼ਿਆਦਾ ਖੂਨ ਵਹਿਣ ਕਾਰਨ ਉਸ ਨੇ ਵੀਰਵਾਰ ਸ਼ਾਮ ਨੂੰ ਦਮ ਦੋੜ ਦਿੱਤਾ। ਯੂਕਰੇਨ ਤੋਂ ਏਅਰਲਿਫਟ ਹੋ ਕੇ ਪਾਰਸ ਦੀ ਦੇਹ ਉਸ ਦੇ ਜੱਦੀ ਪਿੰਡ ਲਾਲੜੂ ਵਿਚ ਐਤਵਾਰ ਜਾਂ ਸੋਮਵਾਰ ਸਵੇਰੇ ਪਹੁੰਚਣ ਦੀ ਉਮੀਦ ਹੈ।

ਲਾਲੜੂ ਵਾਸੀ ਰਣਦੀਪ ਸਿੰਘ ਰਾਣਾ ਦੇ ਪਰਿਵਾਰ ਵਿਚ ਦੋ ਵੱਡੀਆਂ ਧੀਆਂ ਤੇ ਇਕ ਛੋਟਾ ਪੁੱਤਰ ਪਾਰਸ ਸੀ । ਸਭ ਤੋਂ ਵੱਡੀ ਧੀ ਕੈਨੇਡਾ ਵਿਚ ਵਕੀਲ ਹੈ ਜਦਕਿ ਪਾਰਸ ਤੇ ਨਿਕਿਤਾ ਯੂਕਰੇਨ ਵਿਚ ਐਮਬੀਬੀਐਸ ਕਰ ਰਹੇ ਸਨ।

ਬੀਤੇ ਸਾਲ ਯੁੱਧ ਦੇ ਦੌਰਾਨ ਦੋਵੇਂ ਭਰਾ-ਭੈਣ ਵਾਪਸ ਆ ਗਏ ਸਨ। ਹਾਲਾਂਕਿ ਨਿਕਿਤਾ ਦਾ ਫਾਈਨਲ ਈਅਰ ਸੀ ਜੋ ਉਸ ਨੇ ਆਨਲਾਈਨ ਪੂਰਾ ਕਰ ਲਿਆ, ਜਦਕਿ ਥਰਡ ਈਅਰ ਵਿਚ ਹੋਣ ਦੇ ਕਾਰਨ ਬੀਤੇ ਸਾਲ 22 ਜੂਨ ਨੂੰ ਪਾਰਸ ਸਾਥੀਆਂ ਨਾਲ ਯੂਕਰੇਨ ਚਲਾ ਗਿਆ ਸੀ। ਰਣਦੀਪ ਦੇ ਅਨੁਸਾਰ 15 ਅਪ੍ਰੈਲ ਦੀ ਰਾਤ ਉਹ ਆਪਣੇ ਦੋਸਤ ਅਕਾਸ਼ ਨਿਵਾਸੀ ਸੋਨੀਪਤ ਦੇ ਨਾਲ ਭਾਰਤ ਵਾਪਸ ਆਉਣ ਲਈ ਆਪਣਾ ਵੀਜ਼ਾ ਲਗਵਾਉਣ ਗਿਆ ਸੀ। ਉਨ੍ਹਾਂ ਦੇ ਕੋਲ ਬਿਨ੍ਹਾਂ ਛੱਤ ਵਾਲੀ ਓਪਨ ਆਡੀ ਕਾਰ ਸੀ, ਜਿਸ ਨੂੰ ਪਾਰਸ ਚਲਾ ਰਿਹਾ ਸੀ।

ਯੂਕਰੇਨ ਵਿਚ ਰਾਤ ਕਰੀਬ 9 ਵਜੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਬੈਲਟ ਨਾ ਲੱਗੀ ਹੋਣ ਕਾਰਨ ਪਾਰਸ ਤੇ ਅਕਾਸ਼ ਕਾਰ ਵਿਚੋਂ ਦੂਰ ਜਾ ਡਿੱਗੇ। ਹਾਦਸੇ ਵਿਚ ਪਾਰਸ ਦੀ ਲੱਤ, ਚੂਲੇ ਤੇ ਰੀੜ੍ਹ ਦੀ ਹੱਡੀ ਵਿਚ ਫ੍ਰੈਕਚਰ ਹੋ ਗਿਆ ਜਦਕਿ ਅਕਾਸ਼ ਦੀ ਛਾਤੀ ਦੀਆਂ ਪੰਜ ਪਸਲੀਆਂ ਟੁੱਟ ਗਈਆਂ ਤੇ ਲਿਵਰ ਵੀ ਡੈਮੇਜ ਹੋ ਗਿਆ ਸੀ। 18 ਅਪ੍ਰੈਲ ਨੂੰ ਪਾਰਸ ਦਾ ਸਪਾਈਨ ਦਾ ਸਫਲ ਆਪ੍ਰੇਸ਼ਨ ਹੋਇਆ ਸੀ, 27 ਅਪ੍ਰੈਲ ਨੂੰ ਚੂਲੇ ਦੀ ਸਰਜਰੀ ਸੀ। ਸਰਜਰੀ ਤੋਂ ਪਹਿਲਾਂ ਪਾਰਸ ਨੇ ਵੀਰਵਾਰ ਦੁਪਹਿਰ 1 ਵਜੇ ਆਪਣੇ ਪਰਿਵਾਰ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਸਰਜਰੀ ਤੋਂ ਬਾਅਦ ਸੰਪਰਕ ਕਰਨ ਲਈ ਕਿਹਾ।