ਬਜ਼ੁਰਗ ਨੂੰ ਘਰ ਦੀਆਂ ਗੱਲਾਂ ‘ਚ ਉਲਝਾ ਖੁਦ ਨੂੰ ਬਾਬੇ ਦੱਸ ਸੋਨੇ ਦੀਆਂ ਚੂੜੀਆਂ ਲੈ ਗਏ ਸ਼ਾਤਰ ਠੱਗ

0
643

ਸ੍ਰੀ ਮੁਕਤਸਰ ਸਾਹਿਬ | ਲੁੱਟ ਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਸ਼ਰਾਰਤੀ ਕਿਸਮ ਦੇ ਲੋਕ ਵੱਖ-ਵੱਖ ਤਰ੍ਹਾਂ ਦੇ ਢੰਗ ਤਰੀਕੇ ਅਪਨਾਉਣ ਲੱਗੇ ਹਨ। ਅਜਿਹਾ ਇੱਕ ਮਾਮਲਾ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ ਕਰੀਬ 10 ਵਜੇ ਸਾਹਮਣੇ ਆਇਆ, ਜਿੱਥੇ ਦੋ ਬਾਈਕ ਸਵਾਰ ਇੱਕ ਮਹਿਲਾ ਸਮੇਤ ਚਾਰ ਜਣਿਆਂ ਨੇ ਮੰਦਰ ਤੋਂ ਘਰ ਜਾ ਰਹੀ ਇੱਕ ਬਜ਼ੁਰਗ ਔਰਤ ਨੂੰ ਗੱਲਾਂ ਵਿਚ ਉਲਝਾਇਆ ਤੇ ਢਾਈ ਤੋਲੇ ਸੋਨੇ ਦੀਆਂ ਚੂੜੀਆਂ ਗਾਇਬ ਕਰ ਦਿੱਤੀਆਂ ਤੇ ਉਥੋਂ ਚਲਦੇ ਬਣੇ।

ਬੈਂਕ ਰੋਡ ਵਾਸੀ ਕ੍ਰਿਸ਼ਨਾ ਕੁਮਾਰੀ ਨੇ ਦੱਸਿਆ ਕਿ ਉਹ ਮੰਦਰ ਤੋਂ ਘਰ ਜਾ ਰਹੀ ਸੀ ਕਿ ਇਸੇ ਦੌਰਾਨ ਉਹਨਾਂ ਦੇ ਕੋਲੋਂ ਲੰਘੇ ਦੋ ਮੋਟਰਸਾਈਕਲਾਂ ‘ਤੇ ਸਵਾਰ ਕੁੱਝ ਵਿਅਕਤੀਆਂ ਨੇ ਜਿਨ੍ਹਾਂ ਵਿਚ ਇੱਕ ਔਰਤ ਵੀ ਸੀ, ਉਹਨਾਂ ਦੇ ਕੋਲ ਆ ਕੇ ਉਸ ਦੇ ਘਰ ਸਬੰਧੀ ਗੱਲਾਂ ਕਰਦੇ ਹੋਏ ਉਸ ਨੂੰ ਗੱਲਾਂ ਵਿਚ ਉਲਝਾਇਆ ਤੇ ਗੱਲਾਂ ਗੱਲਾਂ ਦੇ ਵਿਚ ਮਹਾਪੁਰਖ ਹੋਣ ਦੀ ਗੱਲ ਕਹਿੰਦੇ ਹੋਏ ਉਸ ਕੋਲੋਂ ਸੋਨੇ ਦੀਆਂ ਚੂੜੀਆਂ ਲਵਾ ਕੇ ਇੱਕ ਰੁਮਾਲ ਵਿਚ ਬੰਨ ਦਿੱਤੀਆਂ ਤੇ ਇਹਨਾਂ ਚੂੜੀਆਂ ਨੂੰ ਘਰ ਜਾ ਕੇ ਖੋਲ੍ਹਣ ਲਈ ਕਿਹਾ ਪਰ ਜਦੋਂ ਉਸ ਨੇ ਘਰ ਪਹੁੰਚ ਕੇ ਚੂੜੀਆਂ ਨੂੰ ਖੋਲ੍ਹਿਆਂ ਤਾਂ ਉਹਨਾਂ ਵਿੱਚੋਂ ਚੂੜੀਆਂ ਗਾਇਬ ਸਨ ਤੇ ਉਸ ਦੀ ਜਗ੍ਹਾ ‘ਤੇ ਪੰਜ ਪੱਥਰ ਦੇ ਟੁੱਕੜੇ ਹੀ ਸਨ।

ਜਿਸ ਤੋਂ ਬਾਅਦ ਇਸ ਸਾਰੀ ਘਟਨਾ ਸਬੰਧੀ ਘਰਦਿਆਂ ਨੂੰ ਜਾਣੂ ਕਰਾਇਆ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਟੀਮ ਸਮੇਤ ਮੌਕਾ ਵਾਰਦਾਤ ‘ਤੇ ਪਹੁੰਚੇ ਥਾਣਾ ਸਿਟੀ ਪ੍ਰਭਾਰੀ ਜਸਕਰਨ ਸਿੰਘ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਵਾਰਦਾਤ ਦੇ ਕੋਲ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀਆਂ ਤਸਵੀਰਾਂ ਕੱਢਵਾ ਲਈਆਂ ਹਨ, ਜਿਸ ‘ਤੇ ਆਧਾਰ ‘ਤੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ।