ਅਗਲੇ ਮਹੀਨੇ ਸੀ ਕੁੜੀ ਦਾ ਵਿਆਹ, ਅਸਮਾਨੀ ਬਿਜਲੀ ਡਿੱਗਣ ਨਾਲ ਸਾਰਾ ਸਾਮਾਨ ਸੜਿਆ

0
868

ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਕਲੀਚਪੁਰ ਦੇ ਇਕ ਘਰ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਰਿਵਾਰ ‘ਚ ਅਗਲੇ ਮਹੀਨੇ ਵੱਡੀ ਕੁੜੀ ਦਾ ਵਿਆਹ ਸੀ। ਵਿਆਹ ਲਈ ਕਰਜ਼ਾ ਚੁੱਕ ਕੇ ਕੱਪੜਾ ਲੀੜਾ ਅਤੇ ਹੋਰ ਸਮਾਨ ਜੋੜਿਆ ਸੀ ਪਰ ਕੁਦਰਤ ਨੇ ਕਹਿਰ ਵਰ੍ਹਾ ਦਿੱਤਾ।

ਬਿਜਲੀ ਡਿਗਣ ਨਾਲ ਘਰ ਵਿਚ ਅੱਗ ਲੱਗ ਗਈ। ਅੱਗ ‘ਤੇ ਕਿਸੇ ਤਰ੍ਹਾਂ ਕਾਬੂ ਪਾ ਲਿਆ ਪਰ ਵਿਆਹ ਲਈ ਜੋੜਿਆ ਸਾਰੇ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਜ਼ਦੂਰ ਪਰਿਵਾਰ ਨੇ ਰੋ ਰੋ ਕੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਮਜ਼ਦੂਰੀ ਕਰਦਾ ਹੈ ਅਤੇ ਉਹ ਕੰਮ ਲਈ ਸ੍ਰੀਨਗਰ ਗਿਆ ਹੋਇਆ ਸੀ। ਲੜਕਾ ਕੰਮ ਸਿੱਖ ਰਿਹਾ ਹੈ ਜੋ ਘਰ ਨਹੀਂ ਸੀ। ਵੱਡੀ ਲੜਕੀ ਦਾ ਵਿਆਹ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਨਿਕਲਿਆ ਹੈ ਜਿਸ ਲਈ ਕਰਜ਼ਾ ਚੁੱਕ ਕੇ ਸਮਾਨ ਅਤੇ ਕੱਪੜੇ ਖਰੀਦੇ ਸਨ। ਪਰ ਅਚਾਨਕ ਬੀਤੀ ਰਾਤ ਦੇ ਤੂਫਾਨ ਦੌਰਾਨ ਘਰ ਅਸਮਾਨੀ ਬਿਜਲੀ ਡਿੱਗੀ ਅਤੇ ਸਾਰੇ ਦਾ ਸਾਰਾ ਸਾਮਾਨ ਅਤੇ ਕੱਪੜਾ ਲੀੜਾ ਤੱਕ ਸੜ ਕੇ ਸੁਆਹ ਹੋ ਗਿਆ। ਪਿੰਡ ਵਾਸੀਆਂ ਨੇ ਮਿਲ ਜੁਲ ਕੇ ਅੱਗ ‘ਤੇ ਕਾਬੂ ਪਾ ਲਿਆ ਪਰ ਘਰ ਵਿੱਚ ਕੁੱਝ ਵੀ ਨਹੀਂ ਬਚਿਆ ਹੈ।

ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਅਗਲੇ ਮਹੀਨੇ ਉਨ੍ਹਾਂ ਦੀ ਕੁੜੀ ਦਾ ਵਿਆਹ ਹੋ ਸਕੇ।