ਤਰਨਤਾਰਨ| ਪਿੰਡ ਰਸੂਲਪੁਰ ਨਹਿਰਾਂ ਦੇ ਨਜ਼ਦੀਕ ਵਿਆਹ ਤੋਂ ਬਾਅਦ ਫੋਟੋਗ੍ਰਾਫੀ ਲਈ ਪੋਜ ਬਣਾ ਰਹੀ ਨਵ ਵਿਆਹੁਤਾ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਅਗਵਾ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧ ਵਿੱਚ ਲੜਕੀ ਦੀ ਮਾਤਾ ਦੇ ਬਿਆਨਾਂ ਤੇ ਥਾਣਾ ਸਦਰ ਵਿਖੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਵੇਦ ਪ੍ਰਕਾਸ਼ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਸੰਘੇ ਨਿਵਾਸੀ ਮਹਿਲਾ ਅਮਰਜੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਲੜਕੀ ਦਾ ਵਿਆਹ ਬੀਤੇ ਦਿਨੀਂ ਪਿੰਡ ਗਲਾਲੀਪੁਰ ਨਿਵਾਸੀ ਨੌਜਵਾਨ ਕਰਨਬੀਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੀ ਲੜਕੀ ਅਤੇ ਜਵਾਈ ਫ਼ੋਟੋਗ੍ਰਾਫ਼ੀ ਲਈ ਰਸੂਲਪੁਰ ਨਹਿਰਾਂ ਕੋਲ ਪੋਜ ਬਣਾ ਰਹੇ ਸਨ ਕਿ 2 ਇਨੋਵਾ ਗੱਡੀਆਂ ਵਿੱਚ ਨੌਜਵਾਨ ਰੋਹਿਤ ਆਪਣੇ ਸਾਥੀਆਂ ਨੂੰ ਲੈ ਕੇ ਪਹੁੰਚਿਆ। ਉਕਤ ਲੋਕਾਂ ਕੋਲ ਪਿਸਟਲ ਤੋਂ ਇਲਾਵਾ ਹੋਰ ਮਾਰੂ ਹਥਿਆਰ ਸਨ। ਆਉਂਦਿਆਂ ਹੀ ਰੋਹਿਤ ਵੱਲੋਂ ਉਨ੍ਹਾਂ ਵੱਲ ਪਿਸਟਲ ਨਾਲ ਫਾਇਰ ਕੀਤੇ ਗਏ, ਉਹ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਨੂੰ ਭੱਜੇ। ਇਸੇ ਦੌਰਾਨ ਰੋਹਿਤ ਉਨ੍ਹਾਂ ਦੀ ਲੜਕੀ ਨੂੰ ਜਬਰੀ ਗੱਡੀ ਵਿੱਚ ਬੈਠਾ ਕੇ ਲੈ ਗਿਆ ਹੈ। ਵੇਦ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਵੱਲੋਂ ਅਮਰਜੀਤ ਕੌਰ ਦੇ ਬਿਆਨਾਂ ਤੇ ਉਕਤ ਲੋਕਾਂ ਖਿਲਾਫ ਪਰਚਾ ਦਰਜ ਕਰ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ