ਫੈਕਟਰੀ ‘ਚ ਮਾਂ ਨਾਲ ਕੰਮ ਕਰਦੀ ਔਰਤ ਦੇ ਭਾਣਜੇ ਨੇ 16 ਸਾਲਾ ਲੜਕੀ ਨਾਲ ਕੀਤਾ ਬਲਾਤਕਾਰ

0
2675

ਮੋਗਾ (ਤਨਮਯ) | ਪੰਜਾਬ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਤੇ ਜ਼ਿਆਦਾਤਰ ਨਾਬਾਲਗ ਲੜਕੀਆਂ ਇਸ ਦਾ ਸ਼ਿਕਾਰ ਹੋ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਇਕ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ 16 ਸਾਲਾ ਲੜਕੀ ਨਾਲ ਇਕ ਲੜਕੇ ਨੇ ਬਲਾਤਕਾਰ ਕੀਤਾ।

ਹਾਲਾਂਕਿ ਪੁਲਿਸ ਨੇ ਆਈਪੀਸੀ ਦੀ ਧਾਰਾ 376, 506 ਅਤੇ ਪੋਸਕੋ ਐਕਟ 3 ਤੇ 4 ਅਧੀਨ 2 ਜਣਿਆਂ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁੱਖ ਆਰੋਪੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

ਪੀੜਤਾ ਨੇ ਦੱਸਿਆ ਕਿ ਅਸੀਂ 3 ਭੈਣ-ਭਰਾ ਹਾਂ। ਮੇਰੇ ਪਿਤਾ ਕਰੀਬ 5 ਸਾਲ ਪਹਿਲਾਂ ਸਾਨੂੰ ਛੱਡ ਕੇ ਕਿਧਰੇ ਚਲੇ ਗਏ ਸਨ, ਜਿਸ ਕਰਕੇ ਮੇਰੀ ਮਾਂ ਧਾਗਾ ਮਿੱਲ ਫੈਕਟਰੀ ਲੁਧਿਆਣਾ ਵਿਖੇ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ।

ਉਥੇ ਹੀ ਕੰਮ ਕਰਦੀ ਰਾਜਵਿੰਦਰ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਦੌਲੇਵਾਲਾ ਦੀ ਸਾਡੇ ਘਰ ਆਉਣੀ-ਜਾਣੀ ਸੀ। ਉਸ ਦੇ ਨਾਲ ਅਕਸਰ ਉਸ ਦਾ ਭਾਣਜਾ ਲਵਜਿੰਦਰ ਸਿੰਘ ਵਾਸੀ ਪਿੰਡ ਲੋਹਕੇ ਕਲਾਂ ਹਾਲ ਵਾਸੀ ਦੌਲੇਵਾਲਾ ਵੀ ਸਾਡੇ ਘਰ ਆਉਂਦਾ-ਜਾਂਦਾ ਰਹਿੰਦਾ ਸੀ।

ਅੱਜ ਤੋਂ ਕਰੀਬ 3 ਮਹੀਨੇ ਪਹਿਲਾਂ ਲਵਜਿੰਦਰ ਆਪਣੇ ਦੋਸਤ ਜੁਰਪ੍ਰੀਤ ਸਿੰਘ ਨਾਲ ਮੇਰੀ ਮਾਤਾ ਦੀ ਗੈਰਹਾਜ਼ਰੀ ਵਿੱਚ ਸ਼ਾਮ 3-4 ਵਜੇ ਸਾਡੇ ਘਰ ਆਇਆ। ਉਸ ਸਮੇਂ ਘਰ ਵਿੱਚ ਸਿਰਫ ਮੈਂ ਤੇ ਮੇਰਾ ਛੋਟਾ ਭਰਾ ਸੀ। ਜੁਰਪ੍ਰੀਤ ਮੇਰੇ ਛੋਟੇ ਭਰਾ ਨੂੰ ਨਾਲ ਲੈ ਕੇ ਕਮਰੇ ਵਿੱਚ ਚਲਾ ਗਿਆ ਤੇ ਲਵਜਿੰਦਰ ਨੇ ਮੇਰੇ ਨਾਲ ਬਲਾਤਕਾਰ ਕੀਤਾ ਤੇ ਧਮਕੀਆਂ ਦਿੱਤੀਆਂ ਕਿ ਜੇ ਤੂੰ ਇਸ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਮੈਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਵਾਂਗਾ, ਜਿਸ ਤੋਂ ਡਰਦੀ ਮੈਂ ਇਸ ਬਾਰੇ ਕਿਸੇ ਕੋਲ ਵੀ ਜ਼ਿਕਰ ਨਹੀਂ ਕੀਤਾ।

7 ਅਗਸਤ ਨੂੰ ਰਾਤ 11 ਵਜੇ ਲਵਜਿੰਦਰ ਨੇ ਮੈਨੂੰ ਫੋਨ ਕਰਕੇ ਘਰ ਦੇ ਬਾਹਰ ਸੱਦਿਆ, ਮੈਂ ਡਰਦੀ ਮਾਰੀ ਉਸ ਦੇ ਮੋਟਰਸਾਈਕਲ ‘ਤੇ ਬੈਠ ਗਈ ਤੇ ਉਹ ਮੈਨੂੰ ਆਪਣੇ ਨਾਲ ਪਿੰਡ ਮੰਦਰ ਵਿਖੇ ਲੈ ਗਿਆ, ਜਿਥੇ ਲਵਜਿੰਦਰ ਨੇ ਧੱਕੇ ਨਾਲ ਮੇਰਾ ਬਲਾਤਕਾਰ ਕੀਤਾ। ਅਗਲੀ ਸਵੇਰ 7 ਵਜੇ ਦੇ ਕਰੀਬ ਮੈਨੂੰ ਕੋਟ ਈਸੇ ਖਾਂ ਵਾਲੇ ਚੌਕ ‘ਤੇ ਛੱਡ ਕੇ ਚਲਾ ਗਿਆ।

ਮੈਂ ਘਰ ਪਹੁੰਚ ਕੇ ਸਾਰੀ ਗੱਲਬਾਤ ਆਪਣੀ ਮਾਤਾ ਨੂੰ ਦੱਸੀ ਤੇ ਅਚਾਨਕ ਮੇਰੀ ਤਬੀਅਤ ਖਰਾਬ ਹੋਣ ‘ਤੇ ਉਸ ਨੇ ਮੈਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ। ਪੀੜਤ ਲੜਕੀ ਅਤੇ ਉਸ ਦੀ ਮਾਂ ਨੇ ਪੁਲਸ ਤੋਂ ਇਨਸਾਫ ਅਤੇ ਜਲਦ ਤੋਂ ਜਲਦ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।