ਤਰਨਤਾਰਨ, 7 ਨਵੰਬਰ| ਤਰਨਤਾਰਨ ਦੇ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਦੇਰ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਸੁੱਤੇ ਪਏ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਤਲ ਹੋਏ ਨੌਜਵਾਨ ਰਣਜੀਤ ਸਿੰਘ ਰਾਣਾ ਦੇ ਪਿਤਾ ਮਲੂਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅੱਠ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ ਅਤੇ ਆ ਕੇ ਉਸ ਨੇ ਪਿੰਡ ਘਰਿਆਲਾ ਵਿਖੇ ਨਵਾਂ ਜਿੰਮ ਪਾਇਆ ਸੀ ।
ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਦੇਰ ਰਾਤ ਜਿੰਮ ਬੰਦ ਕਰਕੇ ਘਰ ਆ ਕੇ ਸੌਂ ਗਿਆ। ਦੇਰ ਰਾਤ 1 ਵਜੇ ਦੇ ਕਰੀਬ ਉਨ੍ਹਾਂ ਨੂੰ ਕੁਝ ਖੜਾਕ ਸੁਣਾਈ ਦਿੱਤੀ। ਜਦ ਉਸ ਨੇ ਉੱਠ ਕੇ ਦੇਖਿਆ ਤਾਂ ਦੋ ਅਣਪਛਾਤੇ ਵਿਅਕਤੀ ਘਰ ਦੀਆਂ ਪੌੜੀਆਂ ਟੱਪ ਕੇ ਭੱਜ ਗਏ ਸਨ ਤੇ ਰਣਜੀਤ ਸਿੰਘ ਖੂਨ ਨਾਲ ਲੱਥਪੱਥ ਸੀ।
ਉਸਦੀ ਛਾਤੀ ਵਿੱਚ ਦੋ ਤੇ ਇੱਕ ਧੌਣ ਵਿੱਚ ਗੋਲੀ ਵੱਜੀ ਹੋਈ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਸਦਰ ਪੱਟੀ ਪੁਲਿਸ ਨੂੰ ਜਾਣੂ ਕਰਵਾਇਆ ਗਿਆ ਹੈ। ਉਧਰ ਮੌਕੇ ‘ਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਐਸਐਚਓ ਗੁਰਤੇਜ ਸਿੰਘ ਬਰਾੜ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਕਿ ਕੀ ਵਜ੍ਹਾ ਹੈ, ਜਿਸ ਕਾਰਨ ਦੇਰ ਰਾਤ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਅਤੇ ਉਹ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।