ਬਠਿੰਡਾ, 17 ਸਤੰਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਬਠਿੰਡਾ ਦੇ ਭਗਵਾਨ ਪਰਸ਼ੂਰਾਮ ਨਗਰ ‘ਚ 23 ਸਾਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਆਕਾਸ਼ ਨਾਂ ਦਾ ਮ੍ਰਿਤਕ ਨੌਜਵਾਨ ਆਪਣੀਆਂ ਭੈਣਾਂ ਨਾਲ ਛੇੜਛਾੜ ਦਾ ਵਿਰੋਧ ਕਰ ਰਿਹਾ ਸੀ। ਗੁੱਸੇ ‘ਚ ਆ ਕੇ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਕਤ ਨੌਜਵਾਨ ਦੀ ਕੁੱਟਮਾਰ ਕੀਤੀ। ਮੁਲਜ਼ਮ ਦਾ ਨਾਂ ਵੀ ਆਕਾਸ਼ (ਬੋਹੇਮੀਆ) ਹੈ। ਬਠਿੰਡਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ 10 ਮਿੰਟਾਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ ਮੁਲਜ਼ਮਾਂ ਦਾ ਮ੍ਰਿਤਕ ਨਾਲ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਸੀ। ਮੁੱਖ ਮੁਲਜ਼ਮ ਬੋਹੇਮੀਆ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਰਜੁਨ ਨਗਰ ਦੇ ਰਹਿਣ ਵਾਲੇ ਆਕਾਸ਼ ਨੂੰ ਧੋਖੇ ਨਾਲ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ‘ਚ ਮੁੱਖ ਦੋਸ਼ੀ ਆਕਾਸ਼ ਬੋਹੇਮੀਆ, ਮਨਿਤ ਸਚਿਨ ਅਤੇ ਅਭਿਸ਼ੇਕ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਸਾਰਿਆਂ ਖਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਮੁਲਜ਼ਮਾਂ ਵਿਚ ਮੁੱਖ ਮੁਲਜ਼ਮ ਆਕਾਸ਼ ਉਰਫ਼ ਬੋਹੇਮੀਆ ਵਾਸੀ ਪਰਸ਼ੂਰਾਮ ਨਗਰ, ਅਜੈ ਅਭੈ ਤੇ ਹਨੀ ਵਾਸੀ ਜਨਤਾ ਨਗਰ, ਮੁਨੀਤ ਵਾਸੀ ਕਿਲਾ ਰੋਡ, ਮਨਪ੍ਰੀਤ ਸਿੰਘ ਵਾਸੀ ਗਹਿਰੀ ਭਾਗੀ, ਕੇਕੜਾ ਵਾਸੀ ਬਠਿੰਡਾ, ਸਚਿਨ ਵਾਸੀ ਪਰਸ਼ੂਰਾਮ ਨਗਰ ਬਠਿੰਡਾ, ਅਭਿਸ਼ੇਕ ਵਾਸੀ ਪਰਸ਼ੂਰਾਮ ਨਗਰ ਬਠਿੰਡਾ ਸ਼ਾਮਲ ਸਨ।