ਲੁਧਿਆਣਾ | ਪਿੰਡ ਰੋਸਿਆਣਾ ਵਿਖੇ ਡੇਢ ਸਾਲ ਦੇ ਮਾਸੂਮ ਬੱਚੇ ਦੀ ਤੜਫ-ਤੜਫ਼ ਕੇ ਉਬਲਦੇ ਪਾਣੀ ਵਿਚ ਡਿੱਗ ਕੇ ਮੌਤ ਹੋ ਗਈ ਤੇ ਬੁਰੀ ਤਰ੍ਹਾਂ ਝੁਲਸਣ ਕਾਰਨ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਮਨਵੀਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਰੋਸਿਆਣਾ ਵਜੋਂ ਹੋਈ।
ਜਾਣਕਾਰੀ ਅਨੁਸਾਰ ਬੱਚੇ ਦੀ ਮਾਂ ਪਿੰਡ ਵਿਖੇ ਆਪਣੇ ਬੱਚੇ ਨੂੰ ਨਹਾਉਣ ਲਈ ਬਾਲਟੀ ‘ਚ ਬਿਜਲੀ ਦੀ ਰਾਡ ਨਾਲ ਪਾਣੀ ਗਰਮ ਕਰ ਰਹੀ ਸੀ। ਇਸ ਦੌਰਾਨ ਪਾਣੀ ਗਰਮ ਹੋਣ ਮਗਰੋਂ ਮਾਂ ਬਿਜਲੀ ਦੀ ਰਾਡ ਕਮਰੇ ‘ਚ ਰੱਖਣ ਚਲੀ ਗਈ। ਬਾਲਟੀ ਫੜ ਕੇ ਖੜ੍ਹਾ ਮਨਵੀਰ ਸਿੰਘ ਬਾਲਟੀ ‘ਚ ਡਿੱਗ ਗਿਆ।
ਗਰਮ ਪਾਣੀ ‘ਚ ਮਨਵੀਰ ਸਿੰਘ ਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ। ਇਸ ਦੌਰਾਨ ਘਰ ‘ਚ ਲੋਕ ਇਕੱਠੇ ਹੋ ਗਏ। ਬੁਰੀ ਤਰ੍ਹਾਂ ਝੁਲਸ ਗਏ ਮਨਵੀਰ ਨੂੰ ਪਹਿਲਾਂ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਉਥੋਂ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਰਾਜਿੰਦਰਾ ਹਸਪਤਾਲ ‘ਚ ਵੀ ਮਨਵੀਰ ਦੀ ਹਾਲਤ ‘ਚ ਸੁਧਾਰ ਨਹੀਂ ਹੋਇਆ। ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ। ਪੀ. ਜੀ. ਆਈ. ਵਿਖੇ ਇਲਾਜ ਦੌਰਾਨ ਮੌਤ ਹੋ ਗਈ।
ਉਮਰ ਘੱਟ ਹੋਣ ਕਰਕੇ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਿਨਾਂ ਹੀ ਬੱਚੇ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।