ਲੁਧਿਆਣਾ, 22 ਅਕਤੂਬਰ | ਜ਼ਿਲੇ ਦੇ ਜਗਰਾਓਂ ਵਿਚ ਪੁਲਿਸ ਨੇ ਨਕਲੀ ਨੋਟ ਛਾਪਣ ਦੇ ਮਾਸਟਰਮਾਈਂਡ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪਿਛਲੇ 7 ਮਹੀਨਿਆਂ ਤੋਂ ਫ਼ਰਾਰ ਸੀ, ਜਿਸ ਨੂੰ ਫੜਨ ਵਿਚ ਸੀਆਈਏ ਸਟਾਫ਼ ਦੀ ਪੁਲਿਸ ਨੇ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਹਰਭਗਵਾਨ ਸਿੰਘ ਉਰਫ਼ ਮਿੱਠੂ ਵਾਸੀ ਪਿੰਡ ਬਘੇਲੇਵਾਲਾ ਮੋਗਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਪੁਲਿਸ ਦਾ ਮੰਨਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋ ਸਕਦੇ ਹਨ, ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ਼ ਦੇ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਕਰੀਬ 7 ਮਹੀਨੇ ਪਹਿਲਾਂ ਪੁਲਿਸ ਨੇ ਜਾਅਲੀ ਨੋਟ ਛਾਪ ਕੇ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਗੇ ਉਸ ਨੂੰ ਉਸ ਸਮੇਂ ਫੜਿਆ ਗਿਆ ਜਦੋਂ ਮੁਲਜ਼ਮ ਆਪਣੇ ਸਾਥੀ ਦੇ ਕਹਿਣ ‘ਤੇ ਪਿੰਡ ਚੌਕੀਮਾਨ ਦੇ ਬੱਸ ਸਟੈਂਡ ‘ਤੇ ਜਾਅਲੀ ਨੋਟ ਸਪਲਾਈ ਕਰਨ ਆਇਆ ਸੀ। ਇਸ ਤੋਂ ਪਹਿਲਾਂ ਕਿ ਮੁਲਜ਼ਮ ਆਪਣੇ ਗਾਹਕ ਨੂੰ ਨਕਲੀ ਨੋਟ ਸਪਲਾਈ ਕਰਦਾ, ਪੁਲੀਸ ਨੇ ਮੁਲਜ਼ਮ ਨੂੰ ਫੜ ਲਿਆ।
ਪੁਲਿਸ ਨੇ ਮਾਸਟਰ ਮਾਈਂਡ ਸਮੇਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਸੀ। ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਬੰਗਾਲੀ ਵਾਸੀ ਪਿੰਡ ਲੰਡੇ ਅਤੇ ਹਰਭਗਵਾਨ ਸਿੰਘ ਉਰਫ ਮਿੱਠੂ ਵਾਸੀ ਪਿੰਡ ਬਘੇਲੇਵਾਲਾ ਮੋਗਾ ਵਜੋਂ ਹੋਈ ਹੈ। ਪੁਲਿਸ ਨੇ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 5800 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਹਾਲਾਂਕਿ ਮਾਸਟਰ ਮਾਈਂਡ ਹਰਭਗਵਾਨ ਸਿੰਘ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ, ਜਿਸ ਨੂੰ ਪੁਲਿਸ ਨੇ ਹੁਣ ਗੁਪਤ ਸੂਚਨਾ ਦੇ ਆਧਾਰ ‘ਤੇ ਗ੍ਰਿਫਤਾਰ ਕਰ ਕੇ ਅਦਾਲਤ ‘ਚ ਪੇਸ਼ ਕੀਤਾ ਹੈ।
ਇਹ ਮੁਲਜ਼ਮ ਪਹਿਲਾਂ ਵੀ ਜਾਅਲੀ ਨੋਟ ਛਾਪਣ ਦੇ ਮਾਮਲੇ ਵਿਚ ਜੇਲ ਜਾ ਚੁੱਕੇ ਹਨ, ਕਰੀਬ ਸਾਢੇ ਤਿੰਨ ਸਾਲ ਪਹਿਲਾਂ ਜੇਲ ਵਿੱਚੋਂ ਰਿਹਾਅ ਹੋਣ ਮਗਰੋਂ ਮੁਲਜ਼ਮਾਂ ਨੇ ਮੁੜ ਜਾਅਲੀ ਨੋਟ ਛਾਪਣ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ। ਜਾਂਚ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਖ਼ਿਲਾਫ਼ ਪਹਿਲਾਂ ਵੀ ਥਾਣਾ ਸਮਾਲਸਰ ਵਿਚ ਜਾਅਲੀ ਨੋਟ ਛਾਪਣ ਦਾ ਕੇਸ ਦਰਜ ਹੈ।
ਮੁਲਜ਼ਮ ਨੇ ਦੱਸਿਆ ਕਿ ਪਹਿਲਾਂ ਉਸ ਨੇ 500 ਰੁਪਏ ਦੇ ਨੋਟ ਛਾਪੇ ਸਨ ਪਰ ਹਰ ਕੋਈ ਉਨ੍ਹਾਂ ਨੋਟਾਂ ਦੀ ਜਾਂਚ ਕਰਦਾ ਸੀ, ਜਿਸ ਕਾਰਨ ਉਹ ਫੜਿਆ ਗਿਆ। ਮੁਲਜ਼ਮਾਂ ਨੇ ਦੱਸਿਆ ਕਿ ਇਸ ਵਾਰ ਪੁਰਾਣੀ ਗਲਤੀ ਨੂੰ ਸੁਧਾਰਦਿਆਂ 200 ਅਤੇ 100 ਰੁਪਏ ਦੇ ਨੋਟ ਛਾਪੇ ਗਏ ਕਿਉਂਕਿ ਦੁਕਾਨਦਾਰ 500 ਰੁਪਏ ਦੇ ਨੋਟ ਹੀ ਚੈੱਕ ਕਰਦੇ ਹਨ। ਕੋਈ ਵੀ ਦੁਕਾਨਦਾਰ 100-200 ਰੁਪਏ ਦੇ ਨੋਟ ਚੈੱਕ ਨਹੀਂ ਕਰਦਾ। ਇਸ ਦਾ ਫਾਇਦਾ ਉਠਾਉਂਦੇ ਹੋਏ 100-200 ਰੁਪਏ ਦੀ ਜਾਅਲੀ ਕਰੰਸੀ ਛਾਪੀ ਗਈ।
YouTube ਤੋਂ ਨਕਲੀ ਨੋਟ ਬਣਾਉਣਾ ਸਿੱਖੇ
ਪੁਲਿਸ ਦੀ ਗ੍ਰਿਫ਼ਤ ‘ਚ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸਿਰਫ਼ ਆਪਣੇ ਸਾਥੀ ਲਈ ਹੀ ਨੋਟਾਂ ਦੀ ਸਪਲਾਈ ਕਰਨ ਅਤੇ ਬਾਜ਼ਾਰਾਂ ‘ਚ ਨੋਟ ਭੇਜਣ ਦਾ ਕੰਮ ਕਰਦਾ ਹੈ। ਜਦੋਂ ਕਿ ਨੋਟ ਛਾਪਣ ਦਾ ਕੰਮ ਹਰਭਗਵਾਨ ਸਿੰਘ ਦਾ ਹੈ। ਉਸ ਨੇ ਯੂਟਿਊਬ ਤੋਂ ਨਕਲੀ ਨੋਟ ਬਣਾਉਣ ਦੀ ਕਲਾ ਸਿੱਖੀ ਸੀ। ਉਸ ਨੇ ਹੌਲੀ-ਹੌਲੀ ਯੂ-ਟਿਊਬ ਤੋਂ ਨੋਟਸ ‘ਤੇ ਕਲਰ ਮੈਚਿੰਗ ਆਦਿ ਦਾ ਕੰਮ ਵੀ ਸਿੱਖ ਲਿਆ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)