ਜਿਹੜੇ ਬੰਦੇ ਨੂੰ ਅਦਾਲਤ ਨੇ ਭਗੌੜਾ ਐਲਾਨਿਆ, ਉਹੀ ਬੰਦਾ ਪੁਲਿਸ ਦੀ ਜਿਪਸੀ ‘ਚ ਆਪ ਲਈ ਕਰ ਰਿਹਾ ਪ੍ਰਚਾਰ : ਚੰਨੀ

0
525

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਉਪ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ‘ਤੇ ਧੋਖੇਬਾਜ਼ਾਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ ਹੈ। ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਚੰਨੀ ਨੇ ਕਿਹਾ ਕਿ ‘ਆਪ’ ਦੇ ਕਈ ਮੰਤਰੀਆਂ ਅਤੇ ਆਗੂਆਂ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਇਸ ਵਾਰ ਉਨ੍ਹਾਂ ਮਾਨ ਸਰਕਾਰ ‘ਤੇ ਭਗੌੜੇ ਮੁਲਜ਼ਮਾਂ ਨੂੰ ਸ਼ਾਹਕੋਟ ਹਲਕੇ ਦਾ ਇੰਚਾਰਜ ਬਣਾਉਣ ਦੀ ਗੱਲ ਕਹੀ। ਚੰਨੀ ਨੇ ਦੱਸਿਆ ਕਿ ਮੁਲਜ਼ਮ ਹਰਦੀਪ ਸਿੰਘ ਰਾਣਾ ਨੂੰ ਸਾਲ 2011 ਵਿੱਚ ਦਰਜ ਹੋਏ ਧੋਖਾਧੜੀ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਇਸ ਸਬੰਧੀ ਅਦਾਲਤੀ ਹੁਕਮ ਵੀ ਦਿਖਾਏ।

ਚੰਨੀ ਨੇ ਪੰਜਾਬ ਦੇ ਡੀਜੀਪੀ ‘ਤੇ ਭਗੌੜੇ ਮੁਲਜ਼ਮ ਹਰਦੀਪ ਸਿੰਘ ਰਾਣਾ ਨੂੰ ਜਿਪਸੀ ਨੰਬਰ (ਪੀਬੀ11ਏਐਕਸ-7811) ਸਮੇਤ ਚਾਰ ਗੰਨਮੈਨ ਮੁਹੱਈਆ ਕਰਵਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੁਲਿਸ ਜਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ, ਉਹ ਪੁਲਿਸ ਦੀ ਗੱਡੀ ਵਿੱਚ ਹੀ ਚੋਣ ਪ੍ਰਚਾਰ ਕਰਨ ਲਈ ਘੁੰਮ ਰਿਹਾ ਹੈ।

ਹਰਦੀਪ ਰਾਣਾ ‘ਤੇ ਸਰਪੰਚਾਂ ਨੂੰ ਧਮਕਾਉਣ ਦੇ ਦੋਸ਼

ਚਰਨਜੀਤ ਸਿੰਘ ਚੰਨੀ ਨੇ ਹਰਦੀਪ ਰਾਣਾ ਉਤੇ ਦੋਸ਼ ਲਗਾਏ ਹਨ ਕਿ ਉਹ ਪੁਲਿਸ ਦੀ ਗੱਡੀ ਅਤੇ ਇੱਕ ਗੰਨਮੈਨ ਦੇ ਨਾਲ ਸ਼ਾਹਕੋਟ ਹਲਕੇ ਦੇ ਕਈ ਪਿੰਡਾਂ ਦੇ ਸਰਪੰਚਾਂ ਨੂੰ ਆਮ ਆਦਮੀ ਪਾਰਟੀ (ਆਪ) ਦਾ ਸਮਰਥਨ ਨਾ ਕਰਨ ਲਈ ਧਮਕਾਅ ਅਤੇ ਡਰਾਅ ਰਿਹੈ। ਉਨ੍ਹਾਂ ਚੋਣ ਕਮਿਸ਼ਨ ਤੋਂ ਨੋਟਿਸ ਲੈ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ‘ਆਪ’ ‘ਤੇ ਵੋਟਾਂ ਲਈ ਕਈ ਦੋਸ਼ੀਆਂ ਨੂੰ ਜ਼ਮਾਨਤ ਦਿਵਾਉਣ ਦਾ ਵੀ ਦੋਸ਼ ਲਗਾਇਆ ਹੈ।