ਭਾਜਪਾ ਲੀਡਰ ਤੇ ਸਾਬਕਾ ਵਿਧਾਇਕ ਮੱਕੜ ਦੇ ਭਰਾ ਦਾ 35 ਸਾਲ ਪਹਿਲਾਂ ਕਤਲ ਕਰਨ ਵਾਲੇ ਅੱਤਵਾਦੀ ਮਿੰਟੂ ਨੂੰ ਉਮਰਕੈਦ

0
689

ਜਲੰਧਰ। ਐਡੀਸ਼ਨਲ ਸੈਸ਼ਨ ਜੱਜ ਡੀਪੀ ਸਿੰਗਲਾ ਦੀ ਅਦਾਲਤ ਨੇ ਸ਼ਨੀਵਾਰ ਨੂੰ ਭਾਜਪਾ ਲੀਡਰ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਰਾ ਸੁਰਿੰਦਰ ਸਿੰਘ ਮੱਕੜ ਦਾ ਲਗਭਗ 35 ਸਾਲ ਪਹਿਲਾਂ ਕਤਲ ਕਰਨ ਵਾਲੇ ਅੱਤਵਾਦੀ ਸਤਿੰਦਰਜੀਤ ਸਿੰਘ ਮਿੰਟੂ ਨੂੰ ਉਮਰਕੈਦ ਤੇ 2.10 ਲੱਖ ਰੁਪਏ ਦੀ ਸਜ਼ਾ ਸੁਣਾਈ ਹੈ।
ਜੁਰਮਾਨਾ ਨਾ ਦੇਣ ਉਤੇ ਇਕ ਸਾਲ ਦੀ ਸਜ਼ਾ ਹੋਰ ਕੱਟਣੀ ਹੋਵੇਗੀ। ਕੋਰਟ ਨੇ ਮਿੰਟੂ ਨੂੰ ਕਤਲ (302) ਵਿਚ ਉਮਰਕੈਦ, ਇਕ ਲੱਖ ਜੁਰਮਾਨਾ, ਅਸਲਾ ਐਕਟ ਵਿਚ 5 ਸਾਲ ਦੀ ਕੈਦ ਤੇ 10 ਹਜ਼ਾਰ ਜੁਰਮਾਨਾ ਤੇ ਟਾਡਾ ਐਕਟ ਵਿਚ ਇਕ ਲੱਖ ਰੁਪਏ ਦੀ ਸਜ਼ਾ ਸੁਣਾਈ ਹੈ।
ਕੇਸ ਵਿਚ ਪ੍ਰਾਸੀਕਿਊਸ਼ਨ ਨੇ 65 ਸਾਲ ਦੀ ਚਸ਼ਮਦੀਦ ਗਵਾਹ ਨੌਕਰਾਣੀ ਸਣੇ 4 ਗਵਾਹ ਪੇਸ਼ ਕੀਤੇ। ਪ੍ਰਾਸੀਕਿਊਸ਼ਨ ਦੇ ਐਡਵੋਕੇਟ ਮਨਦੀਪ ਸਿੰਘ ਸੱਚਦੇਵਾ ਨੇ ਕਿਹਾ ਕਿ ਨੌਕਰਾਣੀ ਨੇ ਸਭ ਤੋਂ ਪਹਿਲਾਂ ਕਾਤਲ ਮਿੰਟੂ ਨੂੰ ਦੇਖਿਆ ਸੀ। ਚਸ਼ਮਦੀਦ ਨੌਕਰਾਣੀ ਨੂੰ ਉਤਰ ਪ੍ਰਦੇਸ਼ ਤੋਂ ਲੱਭ ਕੇ ਗਵਾਹੀ ਕਰਵਾਈ ਗਈ ਹੈ।

3 ਹੋਰ ਗਵਾਹਾਂ ਨੇ ਕੀਤੀ ਕਾਤਲ ਦੀ ਸ਼ਨਾਖਤ
ਉਧਰ, ਦੇਰ ਸ਼ਾਮ ਸਾਬਕਾ ਵਿਧਾਇਕ ਮੱਕੜ ਨੇ ਕਿਹਾ ਕਿ ਕਿਸੇ ਅਣਜਾਣ ਨੰਬਰ ਤੋਂ ਫੋਨ ਕਾਲ ਆਈ ਕਿ ਜੇਲ੍ਹ ਦੀਆਂ ਕੰਧਾਂ ਹੁਣ ਉਸਨੂੰ ਰੋਕ ਨਹੀਂ ਸਕਣਗੀਆਂ। ਉਹ ਜਲਦ ਹੀ ਜੇਲ੍ਹ ਤੋਂ ਬਾਹਰ ਆ ਕੇ ਦੋਵਾਂ ਭਰਾਵਾਂ ਦਾ ਵੀ ਉਹੀ ਹਾਲ ਕਰੇਗਾ, ਜੋ ਸੁਰਿੰਦਰ ਦਾ ਕੀਤਾ ਸੀ। ਮੱਕੜ ਨੇ ਕਿਹਾ ਕਿ ਕਾਲ ਕਰਨ ਵਾਲਾ ਨਾਭਾ ਜੇਲ੍ਹ ਵਿਚ ਬੰਦ ਮਿੰਟੂ ਹੀ ਸੀ।
ਜ਼ਿਕਰਯੋਗ ਹੈ ਕਿ ਜੀਟੀਬੀ ਨਗਰ ਵਿਚ ਰਹਿੰਦੇ ਸੁਰਿੰਦਰ ਸਿੰਘ ਮੱਕੜ ਦੀ 22 ਜਨਵਰੀ 1987 ਨੂੰ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨੌਕਰਾਣੀ ਸਰਵਣ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਦੇਖਿਆ ਸੀ ਕਿ ਨੀਲੇ ਰੰਗ ਦੇ ਸਕੂਟਰ ਉਤੇ ਕਾਤਲ ਆਏ ਸਨ। ਉਸਦੇ ਸਾਹਮਣੇ ਹੀ ਸੁਰਿੰਦਰ ਮੱਕੜ ਨੂੰ ਗੋਲ਼ੀਆਂ ਮਾਰੀਆਂ ਗਈਆਂ ਸਨ। ਇਕ ਹੋਰ ਨੌਕਰ ਰਾਮ ਬਹਾਦੁਰ ਦੇ ਨਾਲ-ਨਾਲ ਹਰਭਜਨ ਸਿੰਘ ਤੇ ਸੁਰਜੀਤ ਸਿੰਘ ਨੇ ਕਿਹਾ ਕਿ ਉਹ ਕਿਸੇ ਕੰਮ ਤੋਂ ਸੁਰਿੰਦਰ ਮੱਕੜ ਦੇ ਘਰ ਆ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਹਰਦੀਪ ਸਿੰਘ ਵਿੱਕੀ ਵਾਸੀ ਬਸਤੀ ਦਾਨਿਸ਼ਮੰਦਾਂ ਸਕੂਟਰ ਸਟਾਰਟ ਕਰਕੇ ਖੜ੍ਹਾ ਸੀ। ਅਲੀ ਮੁਹੱਲੇ ਦਾ ਸੁਰਿੰਦਰਜੀਤ ਸਿੰਘ ਮਿੰਟੂ, ਰਾਹੋਂ ਦਾ ਹਰਵਿੰਦਰ ਸਿੰਘ ਉਰਫ ਹਰੀ ਸਿੰਘ ਤੇ ਹਰਨਾਮਦਾਸਪੁਰਾ ਦਾ ਪਲਵਿੰਦਰ ਸਿੰਘ ਕਾਕਾ ਸੁਰਿੰਦਰ ਮੱਕੜ ਨੂੰ ਗੋਲ਼ੀਆਂ ਮਾਰ ਰਹੇ ਸਨ।