ਤਰਨਤਾਰਨ (ਬਲਜੀਤ ਸਿੰਘ) | ਬੀਤੇ ਦਿਨੀਂ ਗੋਇੰਦਵਾਲ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ ‘ਚ ਰੇਤ ਦੇ ਢੇਰ ‘ਚੋਂ 6 ਸਾਲਾ ਬੱਚੀ ਪ੍ਰਵੀਨ ਕੌਰ ਦੀ ਲਾਸ਼ ਮਿਲੀ ਸੀ।
ਬੱਚੀ ਦੇ ਕਤਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਗੋਇੰਦਵਾਲ ਸਾਹਿਬ ਪੁਲਿਸ ਵੱਲੋਂ ਬੱਚੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਭੇਤ ਦੇ ਹੱਲ ਨਾਲ ਮਾਂ ਦੇ ਪਿਆਰ ਨੂੰ ਸ਼ਰਮਸਾਰ ਕਰਨ ਵਾਲਾ ਸੱਚ ਸਾਹਮਣੇ ਆ ਗਿਆ ਹੈ। 6 ਸਾਲ ਦੀ ਬੱਚੀ ਨੂੰ ਕਿਸੇ ਹੋਰ ਨੇ ਨਹੀਂ ਮਾਰਿਆ ਸੀ ਸਗੋਂ ਉਸ ਦੀ ਮਾਂ ਨੇ ਹੀ ਗਲਾ ਘੁੱਟ ਕੇ ਮਾਰਿਆ ਸੀ।
ਇਸ ਤੋਂ ਬਾਅਦ ਮਾਂ ਨੇ ਆਪਣੇ ਪ੍ਰੇਮੀ, ਭੈਣ ਅਤੇ ਗੁਆਂਢੀ ਦੀ ਮਦਦ ਨਾਲ ਗੋਇੰਦਵਾਲ ਸਾਹਿਬ ਗੁਰਦੁਆਰਾ ਦੀ ਪਾਰਕਿੰਗ ਵਿੱਚ ਪਏ ਰੇਤ ਦੇ ਢੇਰ ਵਿੱਚ ਲਾਸ਼ ਨੂੰ ਦਫ਼ਨਾ ਦਿੱਤਾ।
ਪੁਲਿਸ ਅਨੁਸਾਰ ਬੱਚੀ ਦੀ ਮਾਂ ਸੰਦੀਪ ਕੌਰ ਦੇ ਲਵਜੀਤ ਸਿੰਘ ਨਾਂ ਦੇ ਨੌਜਵਾਨ ਨਾਲ ਪ੍ਰੇਮ ਸੰਬੰਧ ਸਨ। ਲਵਜੀਤ ਸਿੰਘ ਤੇ ਸੰਦੀਪ ਕੌਰ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲਵਜੀਤ ਬੱਚੀ ਨੂੰ ਨਾਲ ਰੱਖਣਾ ਨਹੀਂ ਚਾਹੁੰਦਾ ਸੀ, ਜਿਸ ‘ਤੇ ਦੋਵਾਂ ਨੇ ਬੱਚੀ ਨੂੰ ਰਸਤੇ ‘ਚੋਂ ਹਟਾਉਣ ਦਾ ਫੈਸਲਾ ਕੀਤਾ।
ਦੋਵਾਂ ਨੇ ਉਸ ਦਾ ਕਤਲ ਕਰਕੇ ਲਾਸ਼ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਰੇਤ ਦੇ ਢੇਰ ‘ਚ ਦੱਬ ਦਿੱਤੀ ਤੇ ਬੱਚੀ ਅਗਵਾ ਹੋਣ ਦਾ ਰੌਲਾ ਪਾ ਦਿੱਤਾ ਪਰ ਬੀਤੇ ਦਿਨ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਗਹਿਰਾਈ ਨਾਲ ਕੀਤੀ ਜਾਂਚ ਤੋਂ ਬਾਅਦ ਜਦ ਮ੍ਰਿਤਕਾ ਦੀ ਮਾਂ ਦੇ ਪ੍ਰੇਮੀ ਲਵਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤਾਂ ਸਾਰਾ ਮਾਮਲਾ ਪਾਣੀ ਦੀ ਤਰ੍ਹਾਂ ਸਾਫ ਹੋ ਗਿਆ।
ਪੁਲਿਸ ਕੋਲ ਲਵਜੀਤ ਸਿੰਘ ਤੇ ਉਸ ਦੇ ਦੋਸਤ ਬਲਵਿੰਦਰ ਸਿੰਘ ਕਾਕਾ ਨੇ ਆਪਣਾ ਗੁਨਾਹ ਕਬੂਲਦਿਆਂ ਕਿਹਾ ਕਿ ਉਨ੍ਹਾਂ ਕੋਲੋਂ ਗਲਤੀ ਹੋ ਗਈ ਹੈ। ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਕੇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਕਤਲ ਬੱਚੀ ਦੀ ਮਾਂ ਸੰਦੀਪ ਕੌਰ ਤੇ ਉਸ ਦੇ ਪ੍ਰੇਮੀ ਵੱਲੋਂ ਕੀਤਾ ਗਿਆ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ