ਮਾਨਸਾ। ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਪੂਰੀ ਦੁਨੀਆਂ ਵਿਚ ਕਰੋੜਾਂ ਦੀ ਗਿਣਤੀ ਵਿਚ ਹੋਣਗੇ। ਪਰ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਸਿੱਖ ਨੌਜਵਾਨ ਨੇ ਕੁਝ ਅਜਿਹਾ ਕਰ ਦਿਖਾਇਆ ਹੈ, ਜਿਸਨੇ ਸਿੱਧੂ ਦੇ ਫੈਨਜ਼ ਵਿਚ ਆਪਣੇ ਆਪ ਨੂੰ ਮੂਹਰਲੀਆਂ ਸਫਾਂ ਵਿਚ ਸ਼ਾਮਲ ਕਰ ਲਿਆ ਹੈ।
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਉਸ ਸਿੱਖ ਨੌਜਵਾਨ ਦੀ ਜਿਸਨੇ ਮਜ਼ਦੂਰੀ ਦਾ ਕੰਮ ਕਰਦਿਆਂ ਵੀ ਸਿੱਧੂ ਮੂਸੇਵਾਲਾ ਨੂੰ ਵੱਖਰੇ ਤੌਰ ਉਤੇ ਸ਼ਰਧਾਂਜਲੀ ਦਿੱਤੀ ਹੈ। ਉਸਨੇ 80 ਹਜ਼ਾਰ ਖਰਚ ਕੇ ਆਪਣੀ ਪੂਰੀ ਪਿੱਠ ਉਤੇ ਸਿੱਧੂ ਮੂਸੇਵਾਲਾ ਦਾ ਟੈਟੂ ਖੁਣਵਾਇਆ ਹੈ।
ਆਪਣੀ ਪਿੱਠ ਉਤੇ ਟੈਟੂ ਖੁਣਵਾਉਣ ਵਾਲਾ ਇਹ ਨੌਜਵਾਨ ਜਦੋਂ ਸਿੱਧੂ ਮੂਸੇਵਾਲਾ ਦੀ ਹਵੇਲੀ ਮੂਸਾ ਪਿੰਡ ਪਹੁੰਚਿਆ ਤਾਂ ਨਜ਼ਾਰਾ ਦੇਖਣ ਵਾਲਾ ਸੀ। ਜਦੋਂ ਇਸ ਨੌਜਵਾਨ ਨੇ ਆਪਣੀ ਸ਼ਰਟ ਉਤਾਰ ਕੇ ਆਪਣੀ ਪਿੱਠ ਉਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲ ਟੈਟੂ ਦਿਖਾਇਆ ਤਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਇਕ ਵਾਰ ਤਾਂ ਭਾਵੁਕ ਹੋ ਗਏ।
ਸਿੱਧੂ ਦੇ ਪਿਤਾ ਨੇ ਉਸ ਨੌਜਵਾਨ ਨੂੰ ਆਪਣੀ ਗਲ਼ਵਕੜੀ ਵਿਚ ਲੈ ਲਿਆ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਆਪਣੇ ਹੰਝੂ ਰੋਕ ਨਹੀਂ ਸਕੇ। ਇਸ ਬੇਹੱਦ ਭਾਵੁਕ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਸਿੱਧੂ ਮੂਸੇਵਾਲਾ ਦੇ ਫੈਨਜ਼ ਵੀ ਮੌਜੂਦ ਸਨ।