Narinder Kumar | Jalandhar
ਇਕ ਸਮਾਜਸੇਵੀ ਨੂੰ ਆਪਣੇ ਮੋਬਾਈਲ ਤੋਂ ਕੋਵਾ ਐਪ ਡਿਲੀਟ ਕਰਨਾ ਕਾਫੀ ਮਹਿੰਗਾ ਪੈ ਗਿਆ। ਐਪ ਡਿਲੀਟ ਕਰਨ ‘ਤੇ ਕਪੂਰਥਲਾ ਪੁਲਿਸ ਨੇ ਸਮਾਜਸੇਵੀ ‘ਤੇ ਹੋਮ ਇਕਾਂਤਵਾਸ ਦੀ ਉਲੰਘਣਾ ਦਾ ਪਰਚਾ ਦਰਜ ਕਰ ਦਿੱਤਾ ਜਦਕਿ ਹੈਲਥ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਸਮਾਜਸੇਵੀ ਨੂੰ ਹੋਮ ਕੁਆਰੰਟਾਇਨ ਤਾਂ ਕੀਤਾ ਹੀ ਨਹੀਂ ਸੀ, ਨਾ ਹੀ ਅਸੀਂ ਪੁਲਿਸ ਨੂੰ ਪਰਚਾ ਦਰਜ ਕਰਨ ਲਈ ਲਿਖਿਆ ਹੈ।
ਕਪੂਰਥਲਾ ਜ਼ਿਲ੍ਹੇ ‘ਚ ਕਾਲਾ ਸੰਘਿਆ ਦੇ ਰਹਿਣ ਵਾਲੇ ਸਮਾਜਸੇਵੀ ਸੁਰਜੀਤ ਸਿੰਘ 11 ਜੂਨ ਨੂੰ ਕਾਲ ਸੰਘਿਆ ਵਿਚ ਹੀ ਇਕ ਸਿਹਤ ਵਿਭਾਗ ਦੇ ਸੈਮੀਨਾਰ ਵਿਚ ਸ਼ਾਮਲ ਹੋਏ ਸੀ। ਸੈਮੀਨਾਰ ਵਿਚ ਬੁਲਾਰਿਆਂ ਵਲੋਂ ਅਪੀਲ ਕੀਤੀ ਗਈ ਕਿ ਸਾਰੇ ਆਪਣੇ ਮੋਬਾਈਲ ਵਿਚ ਕੋਵਾ ਐਪ ਡਾਊਨਲੋਡ ਕਰਨ। ਸੁਰਜੀਤ ਸਿੰਘ ਨੇ ਵੀ ਕੋਵਾ ਐਪ ਡਾਊਨਲੋਡ ਕੀਤਾ।
ਪੀੜਤ ਸੁਰਜੀਤ ਸਿੰਘ ਦੱਸਦੇ ਹਨ – ਸੈਮੀਨਾਰ ਵਿਚ ਸਿਹਤ ਵਿਭਾਗ ਵਲੋਂ ਮੈਨੂੰ ਤੰਦਰੁਸਤੀ ਦਾ ਸਰਟੀਫਿਕੇਟ ਵੀ ਮਿਲਿਆ। ਘਰ ਜਾ ਕੇ ਜਦੋਂ ਮੈਂ ਐਪ ਚਲਾਈ ਤਾਂ ਉਸ ਵਿਚ ਕੈਪਟਨ ਦੇ ਭਾਸ਼ਣ ਵੀ ਸਨ। ਮੈਨੂੰ ਐਪ ਜ਼ਿਆਦਾ ਕਿਸੇ ਕੰਮ ਦੀ ਨਹੀਂ ਲੱਗੀ ਤਾਂ ਮੈਂ ਡਿਲੀਟ ਕਰ ਦਿੱਤੀ। ਅਗਲੇ ਦਿਨ ਮੈਨੂੰ ਕਪੂਰਥਲਾ ਪੁਲਿਸ ਵਲੋਂ ਫੋਨ ਆਇਆ ਕਿ ਤੁਹਾਡੇ ‘ਤੇ ਇਕਾਂਤਵਾਸ ਦੀ ਉਲੰਘਣਾ ਕਰਨ ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਮੇਰੀ ਕੋਈ ਕੋਈ ਟ੍ਰੈਵਲ ਹਿਸਟਰੀ ਹੈ ਤੇ ਨਾ ਹੀ ਉਸ ਨੂੰ ਹੋਮ ਕਵਾਰੰਟਾਈਨ ਕੀਤਾ ਸੀ ਫਿਰ ਵੀ ਮੇਰੇ ‘ਤੇ ਪਰਚਾ ਦਰਜ ਕਰ ਦਿੱਤਾ ਗਿਆ।
ਪਿੰਡ ਖੁਸਰੋਪੁਰ ਦੇ ਸੁਰਜੀਤ ਸਿੰਘ ਨੇ ਕਿਹਾ – ਪੁਲਿਸ ਮੇਰੇ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ। ਹੁਣ ਮੈਂ ਥਾਂ-ਥਾਂ ‘ਤੇ ਧੱਕੇ ਖਾ ਰਿਹਾ ਹਾਂ। ਜਦ ਮੈਂ ਕਪੂਰਥਲਾ ਦੇ ਹੈਲਪਲਾਈਨ ਤੇ ਫੋਨ ਕਰਕੇ ਆਪਣੇ ਇਕਾਂਤਵਾਸ ਦਾ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਤੁਹਾਨੂੰ ਘਰ ਵਿਚ ਇਕਾਂਤਵਾਸ ਕਰਨ ਦਾ ਕੋਈ ਰਿਕਾਰਡ ਨਹੀਂ ਹੈ ਇਹ ਸਿਰਫ ਐਪ ਡਿਲੀਟ ਕਰਨ ਕਰਕੇ ਹੋਇਆ ਹੈ।
ਅਸੀਂ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਭੇਜੀ – SMO
ਕਾਲਾ ਸੰਘਿਆ ਦੇ ਐਸਐਮਓ ਮਨਜੀਤ ਸਿੰਘ ਸੋਢੀ ਨੇ ਪੰਜਾਬੀ ਬੁਲੇਟਿਨ ਨਾਲ ਗੱਲਬਾਤ ਕਰਦਿਆ ਕਿਹਾ ਕਿ ਸੁਰਜੀਤ ਸਿੰਘ ਨੂੰ ਇਕਾਂਤਵਾਸ ਨਹੀਂ ਕੀਤਾ ਗਿਆ ਸੀ। ਸਾਡੇ ਵਿਭਾਗ ਵਲੋਂ ਪੁਲਿਸ ਨੂੰ ਇਕਾਂਤਵਾਸ ਭੰਗ ਕਰਨ ਦੀ ਸੂਚਨਾ ਵੀ ਨਹੀਂ ਦਿੱਤੀ ਗਈ। ਪੁਲਿਸ ਨੂੰ ਪਰਚਾ ਦਰਜ ਕਰਨ ਤੋਂ ਪਹਿਲਾਂ ਮੁੱਢਲੀ ਜਾਂਚ ਕਰ ਲੈਣੀ ਚਾਹੀਦੀ ਸੀ।
ਇਸ ਖਬਰ ਤੇ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਅਸੀਂ ਕਈ ਵਾਰ ਉਹਨਾਂ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਚੁੱਕਿਆ ਨਹੀਂ। ਜੇਕਰ ਉਨ੍ਹਾਂ ਵਲੋਂ ਕੋਈ ਜਾਣਕਾਰੀ ਆਉਂਦੀ ਹੈ ਤਾਂ ਉਸ ਨੂੰ ਇੱਥੇ ਅਪਡੇਟ ਕਰ ਦਿੱਤਾ ਜਾਵੇਗਾ।