ਚੰਡੀਗੜ੍ਹ . ਕੋਰੋਨਾਵਾਇਰਸ ਕਾਰਨ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ‘ਚੋਂ ਚਲੇ ਜਾਣਾ ਝੋਨੇ ਦੀ ਲੁਆਈ ਲਈ ਵੱਡੀ ਪ੍ਰੇਸ਼ਾਨੀ ਬਣ ਗਿਆ ਹੈ। ਹੁਣ ਮਜ਼ਦੂਰਾਂ ਦੀ ਕਮੀ ਦੇ ਸੰਕਟ ਵਿਚਾਲੇ ਕਿਸਾਨਾਂ ਤੇ ਸਥਾਨਕ ਖੇਤ ਮਜ਼ਦੂਰਾਂ ਦੀ ਘਾਟ ਰੜਕਣੀ ਹੈ।। ਇਸ ਕਾਰਨ ਲੇਬਰ ਦੀ ਕਮੀ ਤੇ ਮਜ਼ਦੂਰਾਂ ਨੇ ਵੱਧ ਪੈਸੇ ਮੰਗਣਾ ਹੈ। ਇਸ ਦੇ ਨਾਲ ਹੀ ਪੰਚਾਇਤਾਂ ਵੱਲੋਂ ਵੀ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਸਮੇਂ ਮਜ਼ਦੂਰ ਪ੍ਰਤੀ ਏਕੜ ਛੇ ਤੋਂ ਸੱਤ ਹਜ਼ਾਰ ਰੁਪਏ ਦੀ ਮੰਗ ਕਰ ਰਹੇ ਹਨ। ਜਦਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਝੋਨੇ ਦੀ ਲੁਆਈ ਦਾ ਰੇਟ ਤਿੰਨ ਹਜ਼ਾਰ ਰੁਪਏ ਤੈਅ ਕੀਤਾ ਹੈ।
ਇਸ ਦੇ ਨਾਲ ਹੀ ਕੁਝ ਪੰਚਾਇਤਾਂ ਨੇ ਇੱਕ ਹੋਰ ਮਤਾ ਪਾਸ ਕੀਤਾ ਹੈ ਕਿ ਪਿੰਡ ਦੇ ਮਜ਼ਦੂਰ ਕਿਸੇ ਦੂਜੇ ਪਿੰਡ ਮਜ਼ਦੂਰੀ ਲਈ ਨਹੀਂ ਜਾਣਗੇ। ਉਧਰ, ਮਜ਼ਦੂਰਾਂ ਨੇ ਇਸ ਮਤੇ ਦਾ ਵਿਰੋਧ ਕਰਦੇ ਹੋਏ ਪੰਚਾਇਤਾਂ ਖਿਲਾਫ ਐਸਸੀਐਸਟੀ ਐਕਟ ਤਹਿਤ ਕਾਨੂੰਨ ਕਾਰਵਾਈ ਦੀ ਚਿਤਾਵਨੀ ਦੇ ਦਿੱਤੀ ਹੈ। ਇਸ ਤਰ੍ਹਾਂ ਹੁਣ ਕਿਸਾਨਾਂ ਤੇ ਮਜ਼ਦੂਰਾਂ ਦੇ ਆਪਸੀ ਭਾਈਚਾਰੇ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਉਧਰ ਲੌਕਡਾਊਨ ਕਾਰਨ ਪ੍ਰਵਾਸੀ ਮਜ਼ਦੂਰਾਂ ਦਾ ਇੱਥੋਂ ਚੱਲੇ ਜਾਣਾ ਤੇ ਯੂਪੀ, ਬਿਹਾਰ ਤੋਂ ਹੋਰ ਮਜ਼ਦੂਰਾਂ ਦਾ ਨਾ ਆਉਣਾ ਝੋਨੇ ਦੀ ਲੁਆਈ ਲਈ ਵੱਡੀ ਸੱਮਸਿਆ ਬਣ ਗਿਆ ਹੈ। ਪੰਜਾਬ ਸਰਕਾਰ ਨੇ ਇਸ ਵਾਰ ਇਸ ਕਮੀ ਨੂੰ ਵੇਖਦੇ ਹੋਏ ਝੋਨੇ ਦੀ ਲੁਆਈ 10 ਦਿਨਾਂ ਪਹਿਲਾਂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਰ 10 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ। ਇਸ ਦੇ ਬਾਵਜੂਦ ਕਿਸਾਨਾਂ ਨੂੰ ਖਦਸ਼ਾ ਹੈ ਕਿ ਉਨ੍ਹਾਂ ਨੂੰ ਮਜ਼ਦੂਰ ਮਿਲਣੇ ਔਖੇ ਹਨ। ਇਸ ਦੇ ਨਾਲ ਹੀ ਝੋਨੇ ਦੀ ਲੁਆਈ ਲਈ ਵੱਧ ਰਕਮ ਦੇਣੀ ਪਏਗੀ।