ਹੁਸ਼ਿਆਰਪੁਰ ‘ਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੂਰਤੀ ਲਾਉਣ ਦਾ ਮਸਲਾ ਭੱਖਿਆ

0
485

ਹੁਸ਼ਿਆਰਪੁਰ | ਬੀਤੇ ਦਿਨੀਂ ਹੁਸ਼ਿਆਰਪੁਰ ਦੇ ਪਿੰਡ ਬੈਂਸਤਾਨੀ ‘ਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮੂਰਤੀ ਲਗਾਏ ਜਾਣ ਦਾ ਮਸਲਾ ਉਸ ਵੇਲੇ ਭਖ ਗਿਆ, ਜਦੋਂ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਪਿੰਡ ਦੇ ਕੁਝ ਲੋਕਾਂ ਨੂੰ ਮੂਰਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਾ ਲਗਾਏ ਜਾਣ ਸਬੰਧੀ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਨ੍ਹਾਂ ਵੱਲੋਂ ਫੇਰ ਵੀ ਸਿੱਖ ਜਥੇਬੰਦੀਆਂ ਦੀ ਅਪੀਲ ਨਾ ਮੰਨਦਿਆਂ ਗੁਰੂ ਗ੍ਰੰਥ ਸਾਹਿਬ ਬਰਾਬਰ ਮੂਰਤੀ ਲਗਾਉਣ ‘ਤੇ ਬਜ਼ਿੱਦ ਰਹੇ।

ਸਿੱਖ ਜਥੇਬੰਦੀ ਦੇ ਨੁਮਾਇੰਦਿਆਂ ਨੇ ਇਹ ਵੀ ਦੋਸ਼ ਲਾਇਆ ਕਿ ਮੋਹਤਬਰ ਬੰਦਿਆਂ ਨੇ ਆਪਣਾ ਰੋਲ ਗੰਭੀਰਤਾ ਨਾਲ ਨਹੀਂ ਨਿਭਾਇਆ, ਉਲਟਾ ਮਸਲੇ ਨੂੰ ਹੋਰ ਉਲਝਾਉਣ ਦੀ ਕੋਸ਼ਿਸ਼ ਕੀਤੀ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਆਪਸੀ ਭਾਈਚਾਰਾ ਅਤੇ ਕਾਨੂੰਨ ਵਿਵਸਥਾ ਕਿਸੇ ਵੀ ਤਰੀਕੇ ਖਰਾਬ ਨਾ ਹੋਵੇ, ਇਸ ਲਈ ਉਨ੍ਹਾਂ ਸਾਰੇ ਯਤਨ ਕੀਤੇ ਪਰ ਕੁਝ ਬੰਦਿਆਂ ਵੱਲੋਂ ਉਨ੍ਹਾਂ ਦੀ ਅਪੀਲ ਨਹੀਂ ਮੰਨੀ ਗਈ।

ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਸ਼ਾਸਨ ‘ਤੇ ਵੀ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਵੀ ਆਪਣਾ ਰੋਲ ਸਹੀ ਅਦਾ ਨਹੀਂ ਕੀਤਾ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਦੋਂ ਸ਼ਾਂਤਮਈ ਰੋਸ ਧਰਨਾ ਦਿੱਤਾ ਗਿਆ ਤਾਂ ਉੱਚ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਥਾਂ ਉਨ੍ਹਾਂ ਉੱਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ, ਉਨ੍ਹਾਂ ਦਾ ਗੱਲਬਾਤ ਦੌਰਾਨ ਰਵੱਈਆ ਵੀ ਬਹੁਤ ਹੇਠਲੇ ਪੱਧਰ ਦਾ ਸੀ।
ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਧਰਨੇ ਤੋਂ ਪ੍ਰਸ਼ਾਸਨ ਵੱਲੋਂ ਕੁੱਝ ਸਿੱਖ ਨੌਜਵਾਨਾਂ ਨੂੰ ਧੱਕੇ ਨਾਲ ਗੱਡੀਆਂ ਵਿੱਚ ਬਿਠਾ ਕੇ ਕਿਸੇ ਅਣਦੱਸੀ ਥਾਂ ‘ਤੇ ਲਿਜਾਇਆ ਗਿਆ, ਜਿਸ ਸਬੰਧੀ ਉਹ ਫਿਕਰਮੰਦ ਹਨ ਅਤੇ ਪ੍ਰਸ਼ਾਸਨ ਵੱਲੋਂ ਚੁੱਕੇ ਨੌਜਵਾਨਾਂ ਨੂੰ ਉਹ ਸਾਰੀ ਰਾਤ ਲੱਭਦੇ ਰਹੇ ਪਰ ਪ੍ਰਸ਼ਾਸਨ ਨੇ ਇਸ ਸੰਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ।

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਵਾਜ਼-ਏ-ਕੌਮ ਸੰਸਥਾ ਚੋਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ 17 ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ‘ਤੇ ਵੱਖ-ਵੱਖ ਥਾਵਾਂ ‘ਤੇ ਪਰਚਾ ਦਿੱਤਾ ਗਿਆ ਹੈ, ਜਦਕਿ ਮੂਰਤੀ ਪੂਜਾ ਖ਼ਿਲਾਫ਼ ਸ਼ਾਂਤਮਈ ਅਪੀਲ ਕਰਨ ਦੇ ਬਾਵਜੂਦ ਪ੍ਰਸ਼ਾਸਨ ਦਾ ਉਨ੍ਹਾਂ ਪ੍ਰਤੀ ਇਸ ਤਰ੍ਹਾਂ ਧੱਕਾ ਕਰਨਾ ਕਈ ਸ਼ੱਕ ਪੈਦਾ ਕਰਦਾ ਹੈ।