ਦੁਬਈ ਤੋਂ ਡਿਊਟੀ ਫ੍ਰੀ ਸ਼ਰਾਬ ਲੈ ਕੇ ਆਏ ਭਾਰਤੀਆਂ ਨੇ ਜਹਾਜ਼ ‘ਚ ਹੀ ਖੋਲ੍ਹੀ ਬੋਤਲ, ਟੱਲੀ ਹੋ ਕੇ ਕੀਤਾ ਜੰਮ ਕੇ ਹੰਗਾਮਾ

0
450

ਨਿਊਜ਼ ਡੈਸਕ| ਦੁਬਈ ਤੋਂ ਮੁੰਬਈ ਆ ਰਹੀ ਇੰਡੀਗੋ ਫਲਾਈਟ ਵਿਚ ਦੋ ਸ਼ਰਾਬੀਆਂ ਵੱਲੋਂ ਹੰਗਾਮਾ ਕੀਤਾ ਗਿਆ। ਨਸ਼ੇ ‘ਚ ਧੁਤ ਦੋਵਾਂ ਨੇ ਕੈਬਿਨ ਕਰੂ ਸਮੇਤ ਯਾਤਰੀ ਅਤੇ ਸਹਿ ਯਾਤਰੀਆਂ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਕੀਤਾ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਯਾਤਰੀਆਂ ਨੂੰ ਮੁੰਬਈ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਯਾਤਰੀਆਂ ਦੀ ਪਛਾਣ ਦੱਤਾਤ੍ਰੇਯ ਬਾਪਾਰਡੇਕਰ ਅਤੇ ਜੌਨ ਜਾਰਜ ਡਿਸੂਜ਼ਾ ਵੱਜੋਂ ਹੋਈ ਹੈ। ਦੋਵੇਂ ਦੋਸ਼ੀ ਕੋਲਹਾਪੁਰ ਅਤੇ ਪਾਲਘਰ ਦੇ ਨਾਲਸੋਪਾਰਾ ਦੇ ਰਹਿਣ ਵਾਲੇ ਦਸੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਦੋਵੇਂ ਯਾਤਰੀ ਇਕ ਸਾਲ ਖਾੜੀ ਦੇਸ਼ ਵਿਚ ਕੰਮ ਕਰਨ ਤੋਂ ਬਾਅਦ ਵਾਪਸ ਆ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਦੋਵੇਂ ਦੋਸ਼ੀ ਦੁਬਈ ‘ਤੋਂ ਡਿਊਟੀ ਫਰੀ ਸ਼ਰਾਬ ਲੈ ਕੇ ਆਏ ਸਨ ਅਤੇ ਦੇਸ਼ ਪਰਤਣ ਦੀ ਖੁਸ਼ੀ ਵਿਚ ਫਲਾਈਟ ਵਿਚ ਹੀ ਸ਼ਰਾਬ ਪੀ ਰਹੇ ਸਨ। ਨਸ਼ੇ ‘ਚ ਧੁੱਤ ਹੋਣ ਮਗਰੋਂ ਦੋਵਾਂ ਨੇ ਫਲਾਈਟ ਵਿਚ ਹੰਗਾਮਾ ਕੀਤਾ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਦੋਂ ਹੋਰ ਯਾਤਰੀਆਂ ਨੇ ਉਨ੍ਹਾਂ ਦੇ ਹੰਗਾਮੇ ‘ਤੇ ਇਤਰਾਜ਼ ਕੀਤਾ, ਤਾਂ ਦੋਸ਼ੀਆਂ ਨੇ ਦੂਜੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕੀਤਾ।

ਸਹਾਰ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਏਅਰਲਾਈਨ ਇੰਡੀਗੋ ਦੀ ਤਰਫੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ FIR ਦਰਜ ਕਰਕੇ ਦੋਵਾਂ ਯਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਭਾਰਤੀ ਦੰਡਾਵਲੀ ਦੀ ਧਾਰਾ 336 ਅਤੇ ਹਵਾਬਾਜ਼ੀ ਨਿਯਮਾਂ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਦੋਵਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਕਿਸੇ ਯਾਤਰੀ ਨਾਲ ਦੁਰਵਿਵਹਾਰ ਕਰਨ ਦੀ ਇਸ ਸਾਲ ਇਹ ਸੱਤਵੀਂ ਘਟਨਾ ਹੈ।