ਪਖੰਡੀ ਬਾਬੇ ਨੇ ਦਰਬਾਰ ‘ਚ ਚੌਂਕੀ ਭਰਨ ਆਈ ਔਰਤ ਦਾ 2 ਸਾਥੀਆਂ ਨਾਲ ਮਿਲ ਕੇ ਕੀਤਾ ਰੇਪ, ਹੱਤਿਆ ਤੋਂ ਬਾਅਦ ਲਾਸ਼ ਨਹਿਰ ‘ਚ ਸੁੱਟੀ

0
1447

ਫਿਲੌਰ | ਪਖੰਡੀ ਬਾਬੇ ਦੇ ਦਰਬਾਰ ‘ਚ ਬੱਚਿਆਂ ਦੇ ਚੰਗੇ ਭਵਿੱਖ ਤੇ ਕੰਮ ਬਾਰੇ ਪੁੱਛਣ ਗਈ ਔਰਤ ਨਾਲ ਬਾਬੇ ਤੇ ਉਸ ਦੇ 2 ਸਾਥੀਆਂ ਨੇ ਰੇਪ ਕਰ ਦਿੱਤਾ। ਇੰਨਾ ਹੀ ਨਹੀਂ, ਇਸ ਕਰਤੂਤ ਤੋਂ ਬਾਅਦ ਉਨ੍ਹਾਂ ਔਰਤ ਨੂੰ ਮੌਤ ਦੇ ਘਾਟ ਉਤਾਰ ਕੇ ਲਾਸ਼ ਨਹਿਰ ‘ਚ ਸੁੱਟ ਦਿੱਤੀ।

6 ਦਿਨਾਂ ਬਾਅਦ ਜਦੋਂ ਬੱਚੇ ਆਪਣੀ ਲਾਪਤਾ ਮਾਂ ਬਾਰੇ ਬਾਬੇ ਤੋਂ ਪੁੱਛਣ ਗਏ ਤਾਂ ਬਾਬੇ ਨੇ ਅੰਤਰ ਧਿਆਨ ਦਾ ਡਰਾਮਾ ਕਰ ਕੇ ਖੁਦ ਹੀ ਦੱਸ ਦਿੱਤਾ ਕਿ ਉਨ੍ਹਾਂ ਦੀ ਮਾਂ ਦੀ ਲਾਸ਼ ਨਹਿਰ ‘ਚ ਹੈ। ਪੁਲਸ ਨੇ ਲਾਸ਼ ਬਾਹਰ ਕੱਢ ਕੇ ਬਾਬੇ ਤੇ ਉਸ ਦੇ 2 ਸਾਥੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਸ਼ਹਿਰ ‘ਚ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ 38 ਸਾਲਾ ਔਰਤ (3 ਬੱਚਿਆਂ ਦੀ ਮਾਂ) ਦੀ ਖੇਤਾਂ ਨੇੜੇ ਬਣੇ ਪਖੰਡੀ ਬਾਬਾ ਗਿਆਨੀ ਰਾਮ ਦੇ ਡੇਰੇ ‘ਚ ਪੂਰੀ ਸ਼ਰਧਾ ਸੀ ਤੇ ਉਹ ਉਥੇ ਮੱਥਾ ਟੇਕਣ ਆਉਂਦੀ-ਜਾਂਦੀ ਸੀ।

ਬੀਤੀ 5 ਨਵੰਬਰ ਨੂੰ ਮ੍ਰਿਤਕਾ ਘਰੋਂ ਬਾਬੇ ਦੇ ਦਰਬਾਰ ਮੱਥਾ ਟੇਕਣ ਗਈ। ਬਾਬੇ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਦੇਖਣਾ ਚਾਹੁੰਦੀ ਹੈ ਤਾਂ ਉਹ ਦਰਬਾਰ ‘ਚ ਚੌਂਕੀ ਭਰ ਕੇ ਹੀ ਜਾਵੇ।

ਉਥੇ ਬਾਬਾ ਗਿਆਨੀ ਰਾਮ ਤੇ ਉਸ ਕੋਲ ਬੈਠੇ 2 ਸਾਥੀਆਂ ਦੀ ਔਰਤ ਨੂੰ ਦੇਖ ਕੇ ਨੀਅਤ ਖਰਾਬ ਹੋ ਗਈ ਤੇ ਤਿੰਨਾਂ ਨੇ ਸ਼ਰਾਬ ਦੇ ਨਸ਼ੇ ‘ਚ ਉਸ ਨਾਲ ਬਲਾਤਕਾਰ ਕੀਤਾ, ਜਿਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਲਾਸ਼ ਪੱਥਰ ਨਾਲ ਬੰਨ੍ਹ ਕੇ ਰਾਤ ਨੂੰ ਨਹਿਰ ‘ਚ ਸੁੱਟ ਦਿੱਤੀ।

ਬਾਬਾ ਬੱਚਿਆਂ ਨੂੰ ਬੋਲਿਆ- ਉਨ੍ਹਾਂ ਦੀ ਮਾਂ ਪਾਣੀ ‘ਚ ਹੈ

ਜਦੋਂ ਦੇਰ ਰਾਤ ਤੱਕ ਔਰਤ ਘਰ ਵਾਪਸ ਨਾ ਆਈ ਤਾਂ ਉਸ ਦੇ ਬੱਚੇ ਉਸ ਨੂੰ ਲੱਭਣ ਨਿਕਲ ਪਏ। 5 ਦਿਨਾਂ ਤੱਕ ਬੱਚੇ ਦਿਨ-ਰਾਤ ਆਪਣੀ ਮਾਂ ਦੀ ਭਾਲ ‘ਚ ਰਿਸ਼ਤੇਦਾਰਾਂ ਤੋਂ ਇਲਾਵਾ ਹਰ ਥਾਂ ਗਏ, ਫਿਰ ਉਨ੍ਹਾਂ ਨੂੰ ਬਾਬੇ ਦੀ ਯਾਦ ਆਈ ਕਿ ਉਨ੍ਹਾਂ ਦੀ ਮਾਂ ਘਰੋਂ ਬਾਬੇ ਕੋਲ ਗਈ ਸੀ।

ਬੱਚੇ ਜਦੋਂ ਬਾਬੇ ਕੋਲ ਗਏ ਤਾਂ ਬਾਬਾ ਗਿਆਨੀ ਰਾਮ ਨੇ ਬੱਚਿਆਂ ਤੇ ਉਥੇ ਬੈਠੇ ਲੋਕਾਂ ‘ਤੇ ਆਪਣਾ ਪ੍ਰਭਾਵ ਪਾਉਣ ਲਈ ਅੰਤਰ ਧਿਆਨ ਹੋ ਕੇ ਉਨ੍ਹਾਂ ਦੀ ਮਾਂ ਨੂੰ ਲੱਭਣ ਦਾ ਡਰਾਮਾ ਸ਼ੁਰੂ ਕਰ ਦਿੱਤਾ ਅਤੇ ਅੱਖਾਂ ਬੰਦ ਕਰਕੇ ਜ਼ੋਰ ਨਾਲ ਬੋਲਣ ਲੱਗ ਪਿਆ ਕਿ ਉਨ੍ਹਾਂ ਦੀ ਮਾਂ ਜਿਥੇ ਹੈ, ਉਥੇ ਆਸ-ਪਾਸ ਪਾਣੀ ਹੀ ਪਾਣੀ ਹੈ ਅਤੇ ਉਸ ਥਾਂ ‘ਤੇ ਸਾਰਿਆਂ ਨੂੰ ਲੈ ਗਿਆ, ਜਿਥੇ ਉਸ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਔਰਤ ਨੂੰ ਮਾਰ ਕੇ ਨਹਿਰ ‘ਚ ਸੁੱਟਿਆ ਸੀ।

ਚਮਤਕਾਰ ਦਿਖਾਉਣ ਦੇ ਚੱਕਰ ‘ਚ ਬਾਬਾ ਤੇ ਉਸ ਦੇ ਸਾਥੀ ਪੁੱਜ ਗਏ ਸਲਾਖ਼ਾਂ ਪਿੱਛੇ

ਬਾਬੇ ਦਾ ਚਮਤਕਾਰ ਦੇਖਣ ਅਨੇਕਾਂ ਲੋਕ ਪੁੱਜ ਗਏ। ਘਟਨਾ ਦਾ ਪਤਾ ਲੱਗਦੇ ਹੀ ਡੀ. ਐੱਸ. ਪੀ. ਹਰਨੀਲ ਸਿੰਘ, ਥਾਣਾ ਮੁਖੀ ਸੰਜੀਵ ਕਪੂਰ ਵੀ ਪੁਲਸ ਫੋਰਸ ਦੇ ਨਾਲ ਉਥੇ ਪੁੱਜ ਗਏ। ਗੋਤਾਖ਼ੋਰਾਂ ਨੂੰ ਜਦੋਂ ਨਹਿਰ ‘ਚ ਉਤਾਰਿਆ ਗਿਆ ਤਾਂ ਉਨ੍ਹਾਂ ਨੂੰ ਲਾਪਤਾ ਔਰਤ ਦੀ ਬਿਨਾਂ ਕੱਪੜਿਆਂ ਦੇ ਲਾਸ਼ ਮਿਲੀ।

ਲਾਸ਼ ਨੂੰ ਦੇਖਦੇ ਹੀ ਪੁਲਸ ਨੇ ਜਦੋਂ ਪਖੰਡੀ ਬਾਬੇ ਤੋਂ ਥੋੜ੍ਹੀ ਸਖ਼ਤੀ ਨਾਲ ਪੁੱਛਿਆ ਤਾਂ ਬਾਬਾ ਗਿਆਨੀ ਰਾਮ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ 5 ਨਵੰਬਰ ਨੂੰ ਉਸ ਨੇ ਆਪਣੇ 2 ਸਾਥੀਆਂ ਦੇਵ ਤੇ ਸੁੱਗਾ ਪੁਨੀਆ ਨਾਲ ਮਿਲ ਕੇ ਸ਼ਰਾਬ ਦੇ ਨਸ਼ੇ ‘ਚ ਔਰਤ ਨਾਲ ਬਲਾਤਕਾਰ ਕਰਕੇ ਉਸ ਨੂੰ ਮਾਰ ਦਿੱਤਾ ਤੇ ਲਾਸ਼ ਨਹਿਰ ‘ਚ ਸੁੱਟ ਦਿੱਤੀ ਸੀ। ਦੇਰ ਸ਼ਾਮ ਪਤਾ ਲੱਗਾ ਕਿ ਤਿੰਨੋਂ ਆਰੋਪੀ ਪੁਲਸ ਦੇ ਅੜਿੱਕੇ ਆ ਚੁੱਕੇ ਹਨ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ