ਹੈਦਰਾਬਾਦ| ਪਤੀ ਨੇ ਆਪਣੀ ਪਤਨੀ ਦੀ ਕੁਹਾੜੀ ਨਾਲ ਵੱਢ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਆਪਣੇ 43 ਦਿਨਾਂ ਦੇ ਨਵਜੰਮੇ ਪੁੱਤ ਕ੍ਰਿਯਾਂਸ਼ ਨੂੰ ਵੀ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਅਬਦੁੱਲਾਪੁਰਮੇਟ (ਹੈਦਰਾਬਾਦ) ‘ਚ ਵਾਪਰੀ।
ਪੁਲਿਸ ਨੇ ਦੱਸਿਆ ਕਿ ਪਹਿਲਾਂ ਪਤੀ-ਪਤਨੀ ‘ਚ ਬਹਿਸ ਹੋਈ ਅਤੇ ਫਿਰ ਝਗੜਾ ਸ਼ੁਰੂ ਹੋ ਗਿਆ। ਪਤੀ ਧਨਰਾਜ ਨੇ ਪਹਿਲਾਂ ਆਪਣੀ ਪਤਨੀ ਲਵਣਿਆ ਉਤੇ ਬੀਅਰ ਦੀ ਬੋਤਲ ਨਾਲ ਅਤੇ ਫਿਰ ਕੁਹਾੜੀ ਨਾਲ ਹਮਲਾ ਕੀਤਾ। ਇਹ ਦੋਹਰਾ ਕਤਲ ਦੁਪਹਿਰ ਕਰੀਬ 1.30 ਵਜੇ ਹੋਇਆ। ਮੁਲਜ਼ਮ ਧਨਰਾਜ ਪਹਿਲਾਂ ਫ਼ਰਾਰ ਸੀ ਪਰ ਪੁਲਿਸ ਟੀਮਾਂ ਨੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਖੂਨ ਨਾਲ ਲੱਥਪੱਥ ਕੱਪੜੇ ਵੀ ਬਰਾਮਦ ਹੋਏ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪਿੰਡ ਅਨਾਜਪੁਰ ਵਿਚ ਵਾਪਰੀ ਜਿਸ ਕਾਰਨ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਪਤੀ-ਪਤਨੀ ਮਜ਼ਦੂਰੀ ਦਾ ਕੰਮ ਕਰਦੇ ਸਨ ਅਤੇ ਕੁਝ ਦਿਨਾਂ ਤੋਂ ਦੋਵਾਂ ਵਿਚਾਲੇ ਤਕਰਾਰ ਚੱਲ ਰਹੀ ਸੀ।
ਘਟਨਾ ਵਾਲੇ ਦਿਨ ਜੋੜੇ ਦੀ ਵੱਡੀ ਧੀ ਨੇ ਪਿਤਾ ਨੂੰ ਮਾਂ ਦੀ ਕੁੱਟਮਾਰ ਕਰਦੇ ਦੇਖਿਆ ਤਾਂ ਉਹ ਮਦਦ ਲਈ ਗੁਆਂਢੀਆਂ ਨੂੰ ਬੁਲਾਉਣ ਚਲੀ ਗਈ। ਜਦੋਂ ਤੱਕ ਗੁਆਂਢੀ ਧਨਰਾਜ ਦੇ ਘਰ ਪਹੁੰਚੇ, ਉਦੋਂ ਤੱਕ ਉਹ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਸੀ। ਇਸ ਤੋਂ ਬਾਅਦ ਧਨਰਾਜ ਮੌਕੇ ਤੋਂ ਫਰਾਰ ਹੋ ਗਿਆ। ਉਸ ਦੀ ਪਤਨੀ ਲਵਣਿਆ ਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਧਨਰਾਜ ਪਹਿਲਾਂ ਵੀ ਉਸ ਉਤੇ ਹਮਲਾ ਕਰ ਚੁੱਕਾ ਹੈ। ਉਹ ਆਪਣੀ ਪਤਨੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ਉਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਧਨਰਾਜ ਦੀ ਪਤਨੀ ਕੁਝ ਦਿਨਾਂ ਤੋਂ ਆਪਣੇ ਪੇਕੇ ਘਰ ਸੀ ਅਤੇ ਉਹ ਧਨਰਾਜ ਕੋਲ ਵਾਪਸ ਨਹੀਂ ਆਉਣਾ ਚਾਹੁੰਦੀ ਸੀ।
ਹਾਲ ਹੀ ਵਿਚ ਉਸ ਦੀ ਡਿਲੀਵਰੀ ਹੋਈ ਸੀ। ਘਟਨਾ ਵਾਲੇ ਦਿਨ ਉਹ ਨਵਜੰਮੇ ਕ੍ਰਿਵਾਂਸ਼ ਨੂੰ ਲੈ ਕੇ ਧਨਰਾਜ ਦੇ ਘਰ ਵਾਪਸ ਆ ਗਈ। ਉਧਰ, ਧਨਰਾਜ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਆਪਣੀ ਪਤਨੀ ਤੋਂ ਨਾਰਾਜ਼ ਸੀ। ਪਤਨੀ ਨੇ ਉਸ ਨੂੰ ਦੱਸਿਆ ਕਿ ਇਹ ਨਵਜੰਮਿਆ ਉਸ ਦਾ ਪੁੱਤਰ ਨਹੀਂ ਹੈ। ਉਹ ਵਾਰ-ਵਾਰ ਤਾਅਨੇ ਮਾਰ ਰਹੀ ਸੀ ਅਤੇ ਭੜਕਾ ਰਹੀ ਸੀ।