ਬੰਧਕ ਬਣਾ ਕੇ ਹੋਟਲ ਕਾਰੋਬਾਰੀ ਨੂੰ ਲੁੱਟਿਆ : ਨਕਦੀ, ਕਾਰ ਤੋਂ ਇਲਾਵਾ ਜ਼ਰੂਰੀ ਦਸਤਾਵੇਜ਼ ਵੀ ਲੈ ਗਏ

0
999

ਲੁਧਿਆਣਾ, 31 ਦਸੰਬਰ | ਇਥੋਂ ਇਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਫੁੱਲਾਂਵਾਲ ਇਲਾਕੇ ਵਿਚ ਹੋਟਲ ਕਾਰੋਬਾਰੀ ਅਤੇ ਉਸਦੇ ਦੋਸਤ ਨੂੰ ਉਨ੍ਹਾਂ ਦੀ ਹੀ ਕਰੇਟਾ ਕਾਰ ਵਿਚ ਬੰਧਕ ਬਣਾ ਕੇ ਨਕਦੀ, ਆਈਫੋਨ ਅਤੇ ਜ਼ਰੂਰੀ ਦਸਤਾਵੇਜ਼ ਲੁੱਟਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ l ਪਿਸਤੌਲ ਦੀ ਨੋਕ ਉਤੇ ਉਨ੍ਹਾਂ ਕੋਲੋਂ ਇਹ ਸਾਰਾ ਸਾਮਾਨ ਲੁੱਟਿਆ। ਜਾਣ ਸਮੇਂ ਉਹ ਕਰੇਟਾ ਕਾਰ ਅਤੇ ਜ਼ਰੂਰੀ ਦਸਤਾਵੇਜ਼ ਵੀ ਲੁੱਟ ਕੇ ਲੈ ਗਏ।

ਮੁਲਜ਼ਮਾਂ ਨੇ ਗੂਗਲ ਪੇ ਦੇ ਜ਼ਰੀਏ ਮੁਦਈ ਕੋਲੋਂ ਕੁਝ ਰਕਮ ਵੀ ਮੰਗਵਾਈ l ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਡੀਸੈਂਟ ਇਨਕਲੇਵ ਬਾੜੇਵਾਲ ਰੋਡ ਦੇ ਵਾਸੀ ਕਾਰੋਬਾਰੀ ਹਿਮਾਂਸ਼ੂ ਤਾਖਰ ਦੀ ਸ਼ਿਕਾਇਤ ਉਤੇ ਜੀਕੇ ਸਟੇਟ ਮਿਹਰਬਾਨ ਦੇ ਰਹਿਣ ਵਾਲੇ ਜੁਝਾਰ ਸਿੰਘ, ਸਤਜੋਤ ਨਗਰ ਦੇ ਵਾਸੀ ਅਰਜਨ ਸਿੰਘ, ਵਿੱਕੀ ਅਤੇ ਮਿੰਟੂ ਖਿਲਾਫ ਲੁੱਟ-ਖੋਹ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਪੀੜਤ ਨੇ ਦੱਸਿਆ ਕਿ ਮੁਲਜ਼ਮ ਜੁਝਾਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਸਤ ਥਰੀ ਕਿੰਗਸ ਹੋਟਲ ਦੇ ਮਾਲਕ ਰਮਨਦੀਪ ਨੂੰ ਕਰੇਟਾ ਕਾਰ ਵਿਚ ਹੀ ਬੰਧਕ ਬਣਾ ਲਿਆl ਮੁਲਜ਼ਮ ਉਨ੍ਹਾਂ ਨੂੰ ਪੱਖੋਵਾਲ ਰੋਡ ਤੋਂ ਜਵੱਦੀ ਦੇ ਇਕ ਘਰ ਵਿਚ ਲੈ ਗਏl ਹਿਮਾਂਸ਼ੂ ਨੇ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮਾਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਕੋਲੋਂ ਆਈਫੋਨ ਖੋਹ ਲਏl ਮੁਲਜ਼ਮਾਂ ਨੇ 50 ਹਜ਼ਾਰ ਰੁਪਏ ਦੀ ਰਕਮ ਵੀ ਖੋਹ ਲਈ l

ਉਨ੍ਹਾਂ ਧਮਕਾਇਆ ਕਿ ਜੇਕਰ ਰਕਮ ਨਾ ਦਿੱਤੀ ਗਈ ਤਾਂ ਉਹ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦੇਣਗੇ l ਕੁਝ ਸਮੇਂ ਬਾਅਦ ਮੁਲਜ਼ਮ ਦੋਵਾਂ ਨੂੰ ਬੀਆਰਐਸ ਨਗਰ ਉਤਾਰ ਕੇ ਚਲੇ ਗਏ ਅਤੇ ਕਰੇਟਾ ਕਾਰ, ਲੈਪਟਾਪ ਨਾਲ ਲੈ ਗਏ l ਉਧਰੋਂ ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਦਾ ਕਹਿਣਾ ਹੈ ਕਿ ਹਿਮਾਂਸ਼ੂ ਤਾਖਰ ਦੀ ਸ਼ਿਕਾਇਤ ਉਤੇ ਮੁਕਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।