ਹਾਈਕੋਰਟ ਨੇ ਪਤਨੀ, ਸਾਲੇ ਤੇ 2 ਬੱਚਿਆਂ ਨੂੰ ਤਲਵਾਰ ਨਾਲ ਵੱਢਣ ਵਾਲੇ ਦੀ ਮੌਤ ਦੀ ਸਜ਼ਾ ‘ਤੇ ਲਾਈ ਮੋਹਰ , ਕਿਹਾ- ਇਹ ਸ਼ੈਨਾਤੀ ਕੰਮ

0
1689

ਚੰਡੀਗੜ੍ਹ, 7 ਮਾਰਚ | ਪੰਜਾਬ-ਹਰਿਆਣਾ ਹਾਈਕੋਰਟ ਨੇ ਆਪਣੀ ਪਤਨੀ, ਸਾਲੇ ਅਤੇ 2 ਬੱਚਿਆਂ ਨੂੰ ਤਲਵਾਰ ਨਾਲ ਵੱਢਣ ਵਾਲੇ ਵਿਅਕਤੀ ਦੇ ਕੰਮ ਨੂੰ ਸ਼ੈਤਾਨੀ ਕਰਾਰ ਦਿੰਦੇ ਹੋਏ ਉਸ ਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਪੂਰਥਲਾ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਉਂਦੇ ਹੋਏ ਹਾਈਕੋਰਟ ਨੂੰ ਮੌਤ ਦਾ ਹਵਾਲਾ ਭੇਜਿਆ ਸੀ, ਜਿਸ ਨੂੰ ਹਾਈਕੋਰਟ ਨੇ ਸਵੀਕਾਰ ਕਰ ਲਿਆ ਹੈ।

ਕਪੂਰਥਲਾ ਪੁਲਿਸ ਨੇ 29 ਨਵੰਬਰ 2013 ਨੂੰ ਚਾਰ ਵਿਅਕਤੀਆਂ ਦੇ ਕਤਲ ਸਬੰਧੀ ਸ਼ਿਕਾਇਤ ਮਿਲਣ ’ਤੇ ਐਫਆਈਆਰ ਦਰਜ ਕੀਤੀ ਸੀ। ਪੁਲਿਸ ਜਾਂਚ ‘ਚ ਪਤਾ ਲੱਗਾ ਕਿ ਬਲਜਿੰਦਰ ਸਿੰਘ ਦੀ ਪਤਨੀ ਆਪਣੇ ਦੋ ਬੱਚਿਆਂ ਨਾਲ ਆਪਣੇ ਨਾਨਕੇ ਘਰ ਰਹਿ ਰਹੀ ਸੀ, ਜਿਸ ਦਿਨ ਉਸ ਦੀ ਪਤਨੀ ਅਤੇ ਬੱਚਿਆਂ ਦਾ ਕਤਲ ਕੀਤਾ ਗਿਆ, ਉਸ ਦਿਨ ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਪਰ ਉਹ ਇਸ ਦਾ ਕਾਰਨ ਦੱਸਣ ਵਿਚ ਅਸਫਲ ਰਿਹਾ। ਅਜਿਹੇ ‘ਚ ਪੁਲਿਸ ਨੇ ਉਸ ਨੂੰ ਦੋਸ਼ੀ ਬਣਾ ਕੇ ਹੇਠਲੀ ਅਦਾਲਤ ‘ਚ ਰਿਪੋਰਟ ਪੇਸ਼ ਕੀਤੀ ਸੀ।

ਇਸ ਕੇਸ ‘ਚ ਬਲਜਿੰਦਰ ਸਿੰਘ ਦੀ ਸੱਸ, ਉਸ ਦੀ ਭਰਜਾਈ ਅਤੇ ਇਕ ਬੱਚਾ ਗਵਾਹ ਬਣੇ। ਪੁਲਿਸ ਨੇ ਦੱਸਿਆ ਕਿ ਬਲਜਿੰਦਰ ਸਿੰਘ ਦਾ ਆਪਣੀ ਸੱਸ ਨਾਲ 35 ਹਜ਼ਾਰ ਰੁਪਏ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜਾ ਇੰਨਾ ਵੱਧ ਗਿਆ ਕਿ ਉਸ ਦੀ ਪਤਨੀ ਬੱਚਿਆਂ ਸਮੇਤ ਆਪਣੇ ਪੇਕੇ ਘਰ ਚਲੀ ਗਈ। ਪੁਲਿਸ ਦੀ ਥਿਊਰੀ ਦੇ ਆਧਾਰ ’ਤੇ ਕਪੂਰਥਲਾ ਅਦਾਲਤ ਨੇ ਬਲਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾ ਕੇ ਹਾਈਕੋਰਟ ਨੂੰ ਪ੍ਰਵਾਨਗੀ ਲਈ ਭੇਜ ਦਿੱਤਾ ਸੀ।

ਮਾਮਲੇ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਕਿਸੇ ਦੀ ਪਤਨੀ ਤੇ ਮਾਸੂਮ ਬੱਚਿਆਂ ਨੂੰ ਚਾਕੂ ਨਾਲ ਕੱਟਣਾ ਨਿਸ਼ਚਿਤ ਤੌਰ ‘ਤੇ ਸ਼ੈਤਾਨੀ ਕਾਰਾ ਹੈ ਅਤੇ ਇਸ ਘਟਨਾ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜੇਕਰ ਕੋਈ ਲੁਟੇਰਾ ਹੁੰਦਾ ਤਾਂ ਵੀ ਮਾਸੂਮ ਬੱਚਿਆਂ ਨੂੰ ਇਸ ਤਰ੍ਹਾਂ ਨਾ ਮਾਰਦਾ ਪਰ ਇਸ ਮਾਮਲੇ ‘ਚ ਇਕ ਪਿਤਾ ਨੇ ਕਰ ਦਿਖਾਇਆ। ਇਸ ਤਰ੍ਹਾਂ ਦੀ ਹਰਕਤ ਦਾ ਦੋਸ਼ੀ ਕਿਸੇ ਵੀ ਤਰ੍ਹਾਂ ਦੀ ਰਹਿਮ ਦਾ ਹੱਕਦਾਰ ਨਹੀਂ ਹੈ। ਅਜਿਹੇ ‘ਚ ਹਾਈਕੋਰਟ ਨੇ ਮੌਤ ਦਾ ਹਵਾਲਾ ਸਵੀਕਾਰ ਕਰਦੇ ਹੋਏ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ।