ਜੈਮਾਲਾ ਦੌਰਾਨ ਸਟੇਜ ‘ਤੇ ਚੜ੍ਹਦਿਆਂ ਡਿੱਗਿਆ ਸ਼ਰਾਬੀ ‘ਚ ਰੱਜਿਆ ਲਾੜਾ, ਲੜਕੀ ਨੇ ਵਿਆਹ ਤੋਂ ਕੀਤੀ ਨਾਂਹ, ਬਰਾਤੀਆਂ ਨੂੰ ਪਿਆ ਭੜਥੂ

0
408

ਉੱਤਰ ਪ੍ਰਦੇਸ਼, 12 ਦਸੰਬਰ | ਇਥੋਂ ਦੇ ਮੈਨਪੁਰੀ ਜ਼ਿਲੇ ‘ਚ ਇਕ ਵਿਆਹ ਸਮਾਗਮ ਵਿਚ ਉਸ ਵੇਲੇ ਭੰਗ ਪੈ ਗਿਆ, ਜਦੋਂ ਲਾੜੇ ਨੂੰ ਡੀਜੇ ‘ਤੇ ਨੱਚਦਾ ਦੇਖ ਕੇ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਦਰਅਸਲ, ਸ਼ਰਾਬੀ ਲਾੜਾ ਆਪਣੇ ਦੋਸਤਾਂ ਨਾਲ ਗੀਤ ‘ਤੁਝਕੋ ਨਾ ਦੁਲਹਾ ਬਣਾਉਂਗੀ’ ‘ਤੇ ਨੱਚ ਰਿਹਾ ਸੀ, ਜਿਸ ਕਾਰਨ ਲਾੜੀ ਨੂੰ ਸ਼ੱਕ ਹੋਇਆ ਕਿ ਲਾੜੇ ਨੇ ਸ਼ਰਾਬ ਪੀਤੀ ਹੋਈ ਹੈ। ਜਾਂਚ ‘ਤੇ ਇਹ ਸੱਚ ਨਿਕਲਿਆ ਅਤੇ ਲਾੜੀ ਨੇ ਮੌਕੇ ਉਤੇ ਵਿਆਹ ਤੋੜ ਦਿੱਤਾ।

ਮਾਮਲਾ ਕਰਹਾਲ ਥਾਣਾ ਖੇਤਰ ਦੇ ਪਿੰਡ ਗੰਭੀਰਾ ਦਾ ਹੈ। ਪਿੰਡ ‘ਚ ਬ੍ਰਜੇਸ਼ ਦੀ ਧੀ ਦੇ ਵਿਆਹ ਦੀ ਬਰਾਤ ਆਈ ਸੀ। ਜਦੋਂ ਬਰਾਤ ਪਹੁੰਚੀ ਤਾਂ ਕੁੜੀ ਵਾਲੇ ਪਾਸਿਓਂ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਕੁਝ ਸਮੇਂ ਬਾਅਦ ਜੈਮਾਲਾ ਦਾ ਪ੍ਰੋਗਰਾਮ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਲਾੜਾ ਆਪਣੇ ਦੋਸਤਾਂ ਨਾਲ ਡੀਜੇ ‘ਤੇ ਨੱਚਣ ਲੱਗ ਗਿਆ।

ਜਦੋਂ ਲਾੜੀ ਨੇ ਉਸ ਨੂੰ ਦੇਖਿਆ ਤਾਂ ਉਹ ਨਸ਼ੇ ‘ਚ ਧੁੱਤ ਸੀ ਅਤੇ ਆਪਣੇ ਦੋਸਤਾਂ ਨਾਲ ਡੀਜੇ ‘ਤੇ ਨੱਚ ਰਿਹਾ ਸੀ। ਲਾੜੀ ਨੂੰ ਸ਼ੱਕ ਸੀ ਕਿ ਲਾੜੇ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ, ਇਸ ਲਈ ਉਸ ਨੇ ਪਤਾ ਕਰਨ ਲਈ ਕਿਹਾ। ਇਸ ਤੋਂ ਬਾਅਦ ਪਤਾ ਲੱਗਾ ਕਿ ਲਾੜੇ ਨੇ ਸ਼ਰਾਬ ਪੀਤੀ ਹੋਈ ਸੀ ਪਰ ਉਦੋਂ ਤੱਕ ਲਾੜੀ ਨੂੰ ਜੈਮਾਲਾ ਲਈ ਸਟੇਜ ‘ਤੇ ਲਿਜਾਇਆ ਗਿਆ, ਜਿਥੇ ਲਾੜੀ ਨੇ ਲਾੜੇ ਨੂੰ ਸ਼ਰਾਬ ਪੀ ਕੇ ਸਟੇਜ ‘ਤੇ ਡਿੱਗਦੇ ਦੇਖਿਆ। ਇਸ ‘ਤੇ ਲਾੜੀ ਨੇ ਸਟੇਜ ਤੋਂ ਆ ਕੇ ਆਪਣੀ ਮਾਂ ਨੂੰ ਕਿਹਾ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੀ, ਲਾੜਾ ਸ਼ਰਾਬੀ ਹੈ।

ਉਥੇ ਮੌਜੂਦ ਲੋਕਾਂ ਨੇ ਲਾੜੀ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਵੀ ਕੀਮਤ ‘ਤੇ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ। ਇਸ ਗੱਲ ਦਾ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਦੋਵਾਂ ਧਿਰਾਂ ਵਿਚ ਬਹਿਸ ਹੋ ਗਈ ਅਤੇ ਪੰਚਾਇਤਾਂ ਦਾ ਦੌਰ ਸ਼ੁਰੂ ਹੋ ਗਿਆ ਪਰ ਲਾੜੀ ਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। ਬਰਾਤ ਨੂੰ ਲਾੜੀ ਤੋਂ ਬਿਨਾਂ ਹੀ ਪਰਤਣਾ ਪਿਆ।