ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ‘ਚ 18 ਟੋਲ ਪਲਾਜ਼ੇ ਬੰਦ ਕਰ ਕੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਪੰਜਾਬੀਆਂ ਦੇ ਲੱਖਾਂ ਰੁਪਏ ਦੀ ਹੋਈ ਬੱਚਤ

0
184

ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬੀਆਂ ਦੀ ਭਲਾਈ ਲਈ ਦਿਨ-ਰਾਤ ਯਤਨਸ਼ੀਲ ਹੈ। ਟੋਲ ਪਲਾਜ਼ਿਆਂ ਰਾਹੀਆਂ ਪੰਜਾਬੀਆਂ ਦੀ ਜੇਬ ‘ਤੇ ਪੈ ਰਹੇ ਡਾਕੇ ਨੂੰ ਰੋਕਣ ਲਈ CM ਭਗਵੰਤ ਮਾਨ ਨੇ ਮਿਆਦ ਪੂਰੀ ਹੋ ਚੁੱਕੇ 18 ਟੋਲ ਪਲਾਜ਼ੇ ਬੰਦ ਕੀਤੇ ਹਨ, ਜਿਸ ਕਾਰਨ ਪੰਜਾਬੀਆਂ ਦੇ ਲੱਖਾਂ ਰੁਪਏ ਦੀ ਬਚਤ ਹੋਈ ਹੈ।

ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਧ ਰਹੀ ਮਹਿੰਗਾਈ ਦੌਰਾਨ ਪੰਜਾਬ ਦੇ ਲੋਕਾਂ ਨੂੰ ਸਿੱਧੀ ਵਿੱਤੀ ਰਾਹਤ ਦੇਣ ਦੇ ਯਤਨਾਂ ਦਾ ਹਿੱਸਾ ਹੈ। ਸੂਬੇ ਭਰ ਵਿਚ ਬੰਦ ਪਏ ਟੋਲ ਪਲਾਜ਼ਿਆਂ ਦੀ ਕੁੱਲ ਗਿਣਤੀ 18 ਹੈ, ਜਿਸ ਨਾਲ ਇਨ੍ਹਾਂ ਮਾਰਗਾਂ ‘ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਰੋਜ਼ਾਨਾ ਲੱਖਾਂ ਰੁਪਏ ਦੀ ਬਚਤ ਹੁੰਦੀ ਹੈ।

ਪੰਜਾਬ ਸਰਕਾਰ ਦਾ ਟੋਲ ਉਗਰਾਹੀ ਨੂੰ ਰੋਕਣਾ ਪੰਜਾਬ ਦੇ ਲੋਕਾਂ ਲਈ ਆਰਥਿਕ ਰਾਹਤ, ਨਾਗਰਿਕਾਂ ‘ਤੇ ਵਿੱਤੀ ਬੋਝ ਨੂੰ ਘੱਟ ਕਰਨ ਅਤੇ ਇਨ੍ਹਾਂ ਸੜਕਾਂ ‘ਤੇ ਨਿਰਵਿਘਨ ਅਤੇ ਆਸਾਨ ਆਵਾਜਾਈ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।  ਕਰੀਬ ਢਾਈ ਸਾਲ ਪਹਿਲਾਂ ਸੱਤਾ ਵਿਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਮਾਰਗਾਂ ਦੇ ਕੁੱਲ 590 ਕਿਲੋਮੀਟਰ ਤੋਂ ਟੋਲ ਨੂੰ ਸਮਾਪਤ ਕਰ ਕੀਤਾ ਹੈ ।

CM ਮਾਨ ਵਲੋਂ ਬੰਦ ਕੀਤੇ ਟੋਲ ਪਲਾਜ਼ਿਆਂ ‘ਚ ਪਟਿਆਲਾ-ਸਮਾਣਾ ਰੋਡ, ਲੁਧਿਆਣਾ-ਮਾਲੇਰਕੋਟਲਾ-ਸੰਗਰੂਰ ਰੋਡ, ਬਲਾਚੌਰ-ਗੜ੍ਹਸ਼ੰਕਰ-ਹੁਸ਼ਿਆਰਪੁਰ-ਦਸੂਹਾ ਰੋਡ, ਕੀਰਤਪੁਰ ਸਾਹਿਬ-ਨੰਗਲ-ਊਨਾ ਰੋਡ, ਹੁਸ਼ਿਆਰਪੁਰ-ਟਾਂਡਾ ਰੋਡ, ਮੱਖੂ ਵਿਖੇ ਸਤਲੁਜ ਦਰਿਆ ‘ਤੇ ਹਾਈ ਲੈਵਲ ਪੁਲ, ਮੋਗਾ-ਕੋਟਕਪੁਰਾ ਰੋਡ, ਫਿਰੋਜ਼ਪੁਰ-ਫਾਜ਼ਿਲਕਾ ਰੋਡ, ਭਵਾਨੀਗੜ੍ਹ-ਨਾਭਾ-ਗੋਬਿੰਦਗੜ੍ਹ ਰੋਡ, ਦਾਖਾ-ਰਾਏਕੋਟ-ਬਰਨਾਲਾ ਰੋਡ ਅਤੇ  ਪਟਿਆਲਾ-ਨਾਭਾ-ਮਲੇਰਕੋਟਲਾ ਰੋਡ ਸ਼ਾਮਲ ਹਨ। ਪੰਜਾਬ ਸਰਕਾਰ ਮਿਆਰੀ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਆਪਣੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਆਰਥਿਕ ਰਾਹਤ ਦੇਣ ਲਈ ਵਚਨਬੱਧ ਹੈ।
ਇਸ ਕਦਮ ਨਾਲ ਪੰਜਾਬ ਸਰਕਾਰ ਨੇ ਆਪਣੇ ਨਾਗਰਿਕਾਂ ਦੀ ਭਲਾਈ, ਠੋਸ ਆਰਥਿਕ ਲਾਭ ਪ੍ਰਦਾਨ ਕਰਨ ਅਤੇ ਰਾਜ ਮਾਰਗਾਂ ‘ਤੇ ਸਮੁੱਚੇ ਡਰਾਈਵਿੰਗ ਅਨੁਭਵ ਨੂੰ ਬਿਹਤਰ ਬਣਾਉਣ ਪ੍ਰਤੀ ਵਚਨਬੱਧਤਾ ਨੂੰ ਤਰਜੀਹ ਦਿੱਤੀ ਹੈ।

ਟੋਲ ਪਲਾਜ਼ਿਆਂ ਨੂੰ ਬੰਦ ਕਰਨ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜ਼ਾਹਰ ਕੀਤਾ ਸੀ ਕਿ ਅਸਲ ‘ਚ ਇਹ ਟੋਲ ਪਲਾਜ਼ੇ ਆਮ ਲੋਕਾਂ ਨੂੰ ਲੁੱਟਣ ਵਾਲੀਆਂ ਦੁਕਾਨਾਂ ਹਨ। ਇਨ੍ਹਾਂ ਟੋਲ ਪਲਾਜ਼ਿਆਂ ਨੇ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਨ ਲਈ ਸਰਕਾਰ ਨਾਲ ਹੋਏ ਸਮਝੌਤਿਆਂ ਦੇ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਹਿੱਤ ਵਿਚ ਟੋਲ ਪ੍ਰਬੰਧਕਾਂ ਉਤੇ ਕੋਈ ਕਾਰਵਾਈ ਕਰਨ ਦੀ ਬਜਾਏ ਉਲਟਾ ਇਨ੍ਹਾਂ ਦੀ ਪੁਸ਼ਤਪਨਾਹੀ ਕੀਤੀ ਅਤੇ ਲੋਕਾਂ ਦੀ ਹੁੰਦੀ ਲੁੱਟ ਵੱਲ ਜਾਣਬੁੱਝ ਕੇ ਕੋਈ ਧਿਆਨ ਨਹੀਂ ਦਿੱਤਾ।

ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਭਾਵੇਂ ਲੋਕ ਆਪਣੇ ਹਿੱਤਾਂ ਦੀ ਰਾਖੀ ਲਈ ਸਰਕਾਰਾਂ ਚੁਣਦੇ ਹਨ ਪਰ ਸੱਤਾ ‘ਚ ਅੰਨ੍ਹੇ ਹੋਏ ਸਿਆਸਤਦਾਨਾਂ ਨੇ ਅਜਿਹੇ ਡਿਫਾਲਟਰਾਂ ਨੂੰ ਸਿਰਫ਼ ਆਪਣੇ ਸਵਾਰਥਾਂ ਲਈ ਢਾਲ ਬਣਾਇਆ। ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਟੋਲ ਪਲਾਜ਼ਿਆਂ ਦੀਆਂ ਉਣਤਾਈਆਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਆਮ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਇਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਪੈਸਾ ਵਸੂਲਣ ਦੀ ਖੁੱਲ੍ਹ ਦਿੱਤੀ ਪਰ ਹੁਣ ਇਨ੍ਹਾਂ ਲੁੱਟ ਬੰਦ ਕਰ ਦਿੱਤੀ ਗਈ ਹੈ।