ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਹਰੇਕ ਵਰਗ ਲਈ ਨਿੱਤ ਦਿਨ ਸਾਰਥਕ ਕਦਮ ਚੁੱਕ ਰਹੀ ਹੈ। ਇਸੇ ਤਹਿਰ ਸਰਕਾਰ ਨੇ ਪੰਜਾਬ ਭਰ ਦੇ ਡਿਪੂ ਹੋਲਡਰਾਂ ਨੂੰ ਤੋਹਫਾ ਦਿੱਤਾ ਹੈ। ਸਰਕਾਰ ਨੇ ਡਿਪੂ ਹੋਲਡਰਾਂ ਦਾ ਕਮਿਸ਼ਨ ਵਾਧਾ ਦਿੱਤਾ ਹੈ। ਡਿਪੂ ਹੋਲਡਰਾਂ ਦੀ ਕਮਿਸ਼ਨ ਚ ਅੱਠ ਸਾਲਾਂ ਬਾਅਦ ਵਾਧਾ ਹੋਇਆ ਹੈ ਉਹ ਵੀ ਸਿੱਧੇ ਪ੍ਰਤੀ ਕੁਇੰਟਲ 40 ਰੁਪਏ ਦਾ। ਹੁਣ ਡਿਪੂ ਹੋਲਡਰਾਂ ਨੂੰ 90 ਰੁਪਏ ਪ੍ਰਤੀ ਕੁਇੰਟਲ ਮਿਲੇਗਾ, ਜਦਕਿ ਪਹਿਲਾਂ ਕਮਿਸ਼ਨ 50 ਰੁਪਏ ਪ੍ਰਤੀ ਕੁਇੰਟਲ ਸੀ। ਇਸ ਨਾਲ ਸੂਬੇ ਦੇ 14400 ਡਿਪੂ ਹੋਲਡਰਾਂ ਨੂੰ ਫਾਇਦਾ ਹੋਵੇਗਾ।
ਡਿਪੂ ਹੋਲਡਰਾਂ ਦੇ ਕਮਿਸ਼ਨ ਵਿਚ ਪਹਿਲੀ ਵਾਰ 2016 ਵਿਚ ਵਾਧਾ ਕੀਤਾ ਗਿਆ ਸੀ। ਉਸ ਸਮੇਂ ਕਮਿਸ਼ਨ ਵਿਚ ਸਿਰਫ਼ ਦਸ ਰੁਪਏ ਦਾ ਵਾਧਾ ਕੀਤਾ ਗਿਆ ਸੀ ਪਰ ਹੁਣ ਇਸ ਵਿਚ ਸਿੱਧਾ ਚਾਲੀ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਉਦਾਹਰਣ ਵਜੋਂ ਮੰਨ ਲਓ ਕਿ ਇੱਕ ਡਿਪੂ ਹੋਲਡਰ ਕੋਲ 200 ਰਾਸ਼ਨ ਕਾਰਡ ਹਨ। ਇਨ੍ਹਾਂ ਰਾਸ਼ਨ ਕਾਰਡਾਂ ਨਾਲ ਚਾਰ ਲੋਕ ਜੁੜੇ ਹੋਏ ਹਨ। ਇਸ ਅਨੁਸਾਰ ਪਹਿਲਾਂ ਡਿਪੂ ਹੋਲਡਰਾਂ ਨੂੰ ਕਮਿਸ਼ਨ ਦੇ ਰੂਪ ਵਿਚ 24 ਹਜ਼ਾਰ 200 ਰੁਪਏ ਦਾ ਮੁਨਾਫ਼ਾ ਮਿਲਦਾ ਸੀ ਪਰ ਹੁਣ ਉਨ੍ਹਾਂ ਨੂੰ ਸਾਲਾਨਾ 43 ਹਜ਼ਾਰ 200 ਰੁਪਏ ਦਾ ਲਾਭ ਮਿਲੇਗਾ।
ਪੰਜਾਬ ਸਰਕਾਰ ਨੇ ਇਹ ਕਦਮ ਡਿਪੂ ਹੋਲਡਰਾਂ ਦੇ ਹਿੱਤਾਂ ਨੂੰ ਧਿਆਨ ‘ਚ ਰਖਦੇ ਹੋਏ ਲਿਆ। ਇਸ ਨਾਲ ਡਿਪੂ ਹੋਲਡਰਾਂ ਦੀ ਆਰਥਿਕ ਸਥਿਤੀ ਠੀਕ ਹੋਵੇਗੀ ਤੇ ਉਨ੍ਹਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਮੁਨਾਫਾ ਮਿਲੇਗਾ। ਪਿਛਲੇ 8 ਸਾਲਾਂ ਤੋਂ ਕਮਿਸ਼ਨ ਵਧਣ ਦੀ ਉਮੀਦ ਲਾਏ ਬੈਠੇ ਡਿਪੂ ਹੋਲਡਰਾਂ ਦੀ ਪੰਜਾਬ ਸਰਕਾਰ ਨੇ ਬਾਂਹ ਫੜੀ ਤੇ ਉਨ੍ਹਾਂ ਦੀ ਕਮਿਸ਼ਨ ਚ ਸਿੱਧਾ 40 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ।
ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਿੰਦਿਆਂ ਦੱਸਿਆ ਸੀ ਕਿ ਸੂਬੇ ਵਿਚ 9792 ਨਵੇਂ ਰਾਸ਼ਨ ਡਿਪੂ ਖੋਲ੍ਹੇ ਜਾਣਗੇ। ਇਸ ਲਈ 5 ਦਸੰਬਰ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਇਹ ਪ੍ਰਕਿਰਿਆ ਆਨਲਾਈਨ ਚੱਲ ਰਹੀ ਹੈ।