ਪਟਿਆਲਾ, 2 ਅਕਤੂਬਰ | ਆਮ ਆਦਮੀ ਪਾਰਟੀ ਨੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਹੈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ ਜੰਗ ਛੇੜੀ ਹੈ, ਇਸ ਦੀ ਚਰਚਾ ਪੂਰੇ ਦੇਸ਼ ਵਿਚ ਹੋ ਰਹੀ ਹੈ। ਪਟਿਆਲਾ ਵਿਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ 3-4 ਦਿਨ ਪਹਿਲਾਂ ਨਸ਼ੇ ਦੀ ਤਸਕਰੀ ਵਿਚ ਇਕ ਵੱਡਾ ਬੰਦਾ ਫੜਿਆ ਹੈ, ਜਿਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਭਗਵੰਤ ਮਾਨ ਖ਼ਿਲਾਫ਼ ਬਿਆਨ ਦਿੱਤੇ।
ਕੇਜਰੀਵਾਲ ਨੇ ਕਿਹਾ ਕਿ ਅਸੀਂ ਕਿਸੇ ਦੇ ਖ਼ਿਲਾਫ਼ ਨਹੀਂ ਹਾਂ ਅਤੇ ਨਾ ਹੀ ਕਿਸੇ ਪਾਰਟੀ ਜਾਂ ਵਿਅਕਤੀ ਨਾਲ ਸਾਡੀ ਲੜਾਈ ਹੈ। ਸਾਡੀ ਲੜਾਈ ਤਾਂ ਨਸ਼ੇ ਨਾਲ ਹੈ। ਕੇਜਰੀਵਾਲ ਨੇ ਕਿਹਾ ਕਿ ਨਸ਼ੇ ਨੇ ਸਾਡੇ ਨੌਜਵਾਨਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਸਾਰੀਆਂ ਪਾਰਟੀਆਂ ਨੂੰ ਅਪੀਲ ਹੈ ਕਿ ਨਸ਼ੇ ਖ਼ਿਲਾਫ਼ ਸਾਡਾ ਸਾਥ ਦਿਓ, ਜੇ ਕਿਸੇ ਪਾਰਟੀ ਦਾ ਲੀਡਰ ਨਸ਼ਾ ਕਰਦਾ ਹੈ ਜਾਂ ਤਸਕਰਾਂ ਦਾ ਸਾਥ ਦਿੰਦਾ ਹੈ ਤਾਂ ਸਾਨੂੰ ਦੱਸੋ ਅਸੀਂ ਕਾਰਵਾਈ ਕਰਾਂਗੇ। ਪਹਿਲਾਂ ਪੰਜਾਬ ਨੂੰ ਨਸ਼ੇ ਲਈ ਜਾਣਿਆ ਜਾਂਦਾ ਸੀ, ‘ਉੜਤਾ ਪੰਜਾਬ’ ਵਰਗੀਆਂ ਫਿਲਮਾਂ ਬਣਦੀਆਂ ਸਨ, ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਕਿਹਾ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ।
ਪਿਛਲੇ 3-4 ਮਹੀਨਿਆਂ ਵਿਚ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੇ ਨਸ਼ੇ ਖ਼ਿਲਾਫ਼ ਜੰਗ ਛੇੜੀ ਹੈ, ਇਸ ਦੀ ਚਰਚਾ ਪੂਰੇ ਦੇਸ਼ ਵਿਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।