IELTS ਕਰਵਾ ਕੇ ਕੈਨੇਡਾ ਭੇਜੀ ਲੜਕੀ ਵਿਆਹ ਤੋਂ ਮੁਕਰੀ, ਮੁੰਡੇ ਨੇ ਕਰਜ਼ਾ ਚੁੱਕ ਕੇ ਭੇਜੀ ਸੀ ਵਿਦੇਸ਼, ਠੱਗੀ ਦਾ ਸ਼ਿਕਾਰ ਨੌਜਵਾਨ ਹੁਣ ਇਨਸਾਫ ਲਈ ਲਾ ਰਿਹਾ ਗੁਹਾਰ

0
2680

ਸ੍ਰੀ ਮੁਕਤਸਰ ਸਾਹਿਬ | ਮੰਗਣੀ ਕਰਵਾਉਣ ਤੋਂ ਬਾਅਦ ਪੈਸਾ ਖਰਚ ਕੇ ਕੈਨੇਡਾ ਭੇਜੀ ਕੁੜੀ ਨੇ ਮੁੰਡੇ ਵਾਲਿਆਂ ਨੂੰ ਮੌਕੇ ‘ਤੇ ਵਿਆਹ ਤੋਂ ਉਸ ਸਮੇਂ ਜਵਾਬ ਦੇ ਦਿੱਤਾ, ਜਦੋਂ ਮੁੰਡੇ ਦੇ ਘਰ ਵਿਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ ‘ਤੇ ਸਨ। ਪਿੰਡ ਭਲਾਈਆਣਾ ਨਾਲ ਸਬੰਧਤ ਇਸ ਪਰਿਵਾਰ ਨੇ ਹੁਣ ਇਨਸਾਫ ਲਈ ਪੁਲਸ ਅੱਗੇ ਗੁਹਾਰ ਲਗਾਈ ਹੈ।

ਪਿੰਡ ਭਲਾਈਆਣਾ ਦੇ ਨੌਜਵਾਨ ਗੁਰਵਿੰਦਰ ਸਿੰਘ ਨੇ ਆਪਣੀ ਮੰਗਣੀ ਦੀਆਂ ਫੋਟੋਆਂ ਵਾਲੀ ਐਲਬਮ ਅਤੇ ਕਾਲਜ ਫੀਸਾਂ ਦੀਆਂ ਰਸੀਦਾਂ ਦੱਸੀਆਂ । ਉਸ ਨੂੰ ਹੁਣ ਸਿਰਫ ਇਨਸਾਫ ਦੀ ਆਸ ਹੈ ਤਾਂ ਸਿਰਫ ਸਰਕਾਰ ਤੋਂ ਹੈ। ਗੁਰਵਿੰਦਰ ਸਿੰਘ ਮਿਹਨਤਕੱਸ਼ ਕਿਸਾਨ ਘੁੱਕਰ ਸਿੰਘ ਦਾ ਪੁੱਤਰ ਹੈ। ਕਰੀਬ ਡੇਢ ਸਾਲ ਪਹਿਲਾਂ ਉਸ ਦੀ ਮੰਗਣੀ ਫਰੀਦਕੋਟ ਦੇ ਪਿੰਡ ਮੱਤਾ ਦੀ ਲੜਕੀ ਨਾਲ ਹੋਈ।

ਦੂਰ ਦੀ ਰਿਸ਼ਤੇਦਾਰੀ ਵਿਚ ਹੋਏ ਇਸ ਰਿਸ਼ਤੇ ਦੇ ਚਲਦਿਆ ਮੰਗਣੀ ਸਮੇਂ ਹੀ ਦੋਵਾਂ ਪਰਿਵਾਰਾਂ ਵਿਚਕਾਰ ਇਹ ਤਹਿ ਹੋਇਆ ਕਿ ਲੜਕੀ ਨੇ ਆਈਲੈਟਸ ਕੀਤੀ ਹੈ ਅਤੇ ਉਸਨੇ ਕੈਨੇਡਾ ਜਾਣਾ ਹੈ। ਇਸਦਾ ਖਰਚ ਗੁਰਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਕੀਤਾ ਜਾਵੇਗਾ, ਕੁਝ ਸਮੇਂ ਬਾਅਦ ਲੜਕੀ ਵਾਪਸ ਪੰਜਾਬ ਆ ਕੇ ਗੁਰਵਿੰਦਰ ਨਾਲ ਵਿਆਹ ਕਰਵਾਏਗੀ ਅਤੇ ਫਿਰ ਗੁਰਵਿੰਦਰ ਵੀ ਨਾਲ ਕੈਨੇਡਾ ਚਲਾ ਜਾਏਗਾ।

ਕੀਤੇ ਵਾਅਦੇ ਮੁਤਾਬਕ ਗੁਰਵਿੰਦਰ ਦੇ ਪਰਿਵਾਰ ਵਲੋਂ ਕਾਲਜ ਫੀਸਾਂ ਤੋਂ ਲੈ ਕੇ ਜਹਾਜ਼ ਦੀ ਟਿਕਟ ਤਕ ਦੇ ਸਾਰੇ ਪੈਸੇ ਲਗਾ ਕੇ ਲੜਕੀ ਨੂੰ ਕੈਨੇਡਾ ਭੇਜ ਦਿੱਤਾ ਗਿਆ। ਇਸ ਦੌਰਾਨ ਸਭ ਕੁਝ ਸਹੀ ਚਲਦਾ ਰਿਹਾ। ਲੜਕੀ ਦੀ ਗੁਰਵਿੰਦਰ ਅਤੇ ਉਸਦੇ ਮਾਪਿਆਂ ਨਾਲ ਵਧੀਆ ਗੱਲਬਾਤ ਵੀ ਚਲਦੀ ਰਹੀ। ਇਸ ਦਰਮਿਆਨ ਗੁਰਵਿੰਦਰ ਦੇ ਪਰਿਵਾਰ ਵੱਲੋਂ ਲੜਕੀ ਦੇ ਕਹਿਣ ‘ਤੇ ਦੂਜੇ ਸਾਲ ਦੀ ਫੀਸ ਦੀ ਕਿਸ਼ਤ ਤੱਕ ਭਰ ਦਿੱਤੀ ਗਈ।

ਕਰੀਬ ਡੇਢ ਸਾਲ ਬੀਤ ਜਾਣ ਬਾਅਦ ਜਦ ਵਾਪਿਸ ਪੰਜਾਬ ਆ ਕਿ ਵਿਆਹ ਕਰਵਾਉਣ ਦੀ ਗੱਲ ਚੱਲੀ ਤਾਂ ਦੋਵਾਂ ਪਰਿਵਾਰਾਂ ਅਤੇ ਲੜਕੀ ਦੀ ਸਹਿਮਤੀ ਨਾਲ 25 ਦਸੰਬਰ 2022 ਦੀ ਤਰੀਕ ਫਿਕਸ ਹੋਈ, ਜਿਸਦੇ ਚਲਦਿਆ ਗੁਰਵਿੰਦਰ ਦੇ ਪਰਿਵਾਰ ਵੱਲੋਂ ਲੜਕੀ ਦੀ ਜਹਾਜ਼ ਦੀ ਆਉਣ-ਜਾਣ ਦੀ ਟਿਕਟ ਤਕ ਕਰਵਾ ਦਿੱਤੀ ਗਈ। ਵਿਆਹ ਲਈ ਕਾਰਡ ਤਕ ਛਪਵਾ ਲਏ ਗਏ, ਪੈਲੇਸ ਬੁੱਕ ਕਰਵਾਇਆ ਗਿਆ, ਹਲਵਾਈ, ਫੋਟੋਗ੍ਰਾਫਰ ਤਕ ਬੁਕਿੰਗ ਕਰਵਾ ਦਿੱਤੀ ਗਈ ਪਰ ਵਿਆਹ ਤੋਂ ਕਰੀਬ 20 ਦਿਨ ਪਹਿਲਾਂ ਕੈਨੇਡਾ ਗਈ ਲੜਕੀ ਨੇ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ।

ਗੁਰਵਿੰਦਰ ਦੇ ਪਿਤਾ ਅਨੁਸਾਰ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਉਹ ਵਿਚੌਲਿਆਂ ਨੂੰ ਲੈ ਲੜਕੀ ਦੇ ਘਰ ਪਿੰਡ ਮੱਤਾ ਗਏ ਤਾਂ ਪਰਿਵਾਰ ਵਾਲਿਆਂ ਵੀ ਕੋਈ ਹੱਲ ਨਾ ਕੀਤਾ। ਘੁੱਕਰ ਸਿੰਘ ਅਨੁਸਾਰ ਉਸਨੇ ਆਪਣੀਆਂ ਮਸ਼ੀਨਾਂ ਵੇਚ ਤੇ ਕੁਝ ਬੈਂਕ ਤੋਂ ਕਰਜ਼ ਲੈ ਕੇ ਇਹ ਸਭ ਕੀਤਾ ਪਰ ਉਨ੍ਹਾਂ ਨੂੰ ਵਿਸ਼ਵਾਸ ਵਿਚ ਲੈ ਕੇ ਇਹ ਠੱਗੀ ਉਨ੍ਹਾਂ ਨਾਲ ਕੀਤੀ ਗਈ। ਹੁਣ ਗੁਰਵਿੰਦਰ ਸਿੰਘ ਵੱਲੋਂ ਇਨਸਾਫ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ‘ਤੇ ਥਾਣਾ ਕੋਟਭਾਈ ਪੁਲਸ ਅਨੁਸਾਰ ਜਾਂਚ ਚੱਲ ਰਹੀ ਹੈ।

ਵੇਖੋ ਵੀਡੀਓ