ਔਰਤ ਲਈ ਮੌਤ ਬਣੀ ਸਕੂਟਰੀ ਸਵਾਰ ਕੁੜੀ, ਪੁੱਤ ਦੀਆਂ ਅੱਖਾਂ ਸਾਹਮਣੇ ਮਾਂ ਨੂੰ ਟੱਕਰ ਮਾਰ ਹੋਈ ਫਰਾਰ

0
476

ਗੁਰਦਾਸਪੁਰ, 26 ਸਤੰਬਰ | ਇਕ ਔਰਤ ਲਈ ਸਕੂਟਰ ਸਵਾਰ ਲੜਕੀ ਜਾਨਲੇਵਾ ਸਾਬਤ ਹੋਈ ਹੈ। ਔਰਤ ਈ-ਰਿਕਸ਼ਾ ਤੋਂ ਉਤਰ ਕੇ ਜੂਸ ਪੀਣ ਜਾ ਰਹੀ ਸੀ ਫਿਰ ਸਕੂਟਰ ਸਵਾਰ ਲੜਕੀ ਨੇ ਔਰਤ ਨੂੰ ਟੱਕਰ ਮਾਰ ਦਿੱਤੀ। ਸਕੂਟਰ ਦੀ ਟੱਕਰ ‘ਚ ਔਰਤ ਗੰਭੀਰ ਜ਼ਖ਼ਮੀ। ਔਰਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ।

ਮ੍ਰਿਤਕ ਔਰਤ ਦੀ ਪਛਾਣ ਜੀਤੋ ਵਾਸੀ ਸੰਗਲਪੁਰਾ ਰੋਡ ਵਜੋਂ ਹੋਈ ਹੈ। ਜਦਕਿ ਦੋਸ਼ੀ ਲੜਕੀ ਰੀਆ ਵਾਸੀ ਦਸਮੇਸ਼ ਨਗਰ ਗੁਰਦਾਸਪੁਰ ਹੈ।ਘਟਨਾ ਤੋਂ ਬਾਅਦ ਉਹ ਫਰਾਰ ਹੈ। ਪੁਲਿਸ ਥਾਣਾ ਸਿਟੀ ਨੇ ਲੜਕੀ ਰੀਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਲੜਕੇ ਕਰਨ ਨੇ ਦੱਸਿਆ ਕਿ 16 ਸਤੰਬਰ ਨੂੰ ਉਹ ਆਪਣੀ ਮਾਂ ਜੀਤੋ ਨਾਲ ਆਪਣੇ ਈ-ਰਿਕਸ਼ਾ ‘ਤੇ ਨਿੱਜੀ ਕੰਮ ਲਈ ਆਇਆ ਸੀ। ਉਸ ਦੀ ਮਾਂ ਐਕਸਿਸ ਬੈਂਕ ਨੇੜੇ ਈ-ਰਿਕਸ਼ਾ ਤੋਂ ਉਤਰ ਕੇ ਜੂਸ ਪੀਣ ਜਾ ਰਹੀ ਸੀ।

ਇਸ ਦੌਰਾਨ ਇੱਕ ਸਕੂਟਰ ਸਵਾਰ ਲੜਕੀ ਨੇ ਗਲਤ ਦਿਸ਼ਾ ਤੋਂ ਆ ਕੇ ਜੀਤੋ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਲੜਕੀ ਮੌਕੇ ਤੋਂ ਫਰਾਰ ਹੋ ਗਈ। ਕਰਨ ਮਾਂ ਜੀਤੋ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਗਿਆ ਪਰ ਡਾਕਟਰਾਂ ਨੇ ਉਸ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ। 24 ਸਤੰਬਰ ਦੀ ਸ਼ਾਮ 7 ਵਜੇ ਇਲਾਜ ਦੌਰਾਨ ਉਸ ਦੀ ਮਾਂ ਦੀ ਮੌਤ ਹੋ ਗਈ।

ਜਾਂਚ ਅਧਿਕਾਰੀ ਏਐਸਆਈ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਦੇ ਬਿਆਨਾਂ ਦੇ ਆਧਾਰ ’ਤੇ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਲੜਕੀ ਦੀ ਪਛਾਣ ਵੀ ਹੋ ਗਈ ਹੈ। ਫਿਲਹਾਲ ਦੋਸ਼ੀ ਲੜਕੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਉਸ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।