ਬੇਂਗਲੁਰੂ| ਕਰਨਾਟਕ ਦੇ ਬੈਂਗਲੁਰੂ ‘ਚ ਇਕ ਰੂਹ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਉਸ ਦਾ ਸਨਕੀਪਨ ਅਜਿਹਾ ਸੀ ਕਿ ਉਸ ਨੇ ਆਪਣੀ ਪ੍ਰੇਮਿਕਾ ਨੂੰ ਇਕ ਜਾਂ ਦੋ ਵਾਰ ਨਹੀਂ ਸਗੋਂ 16 ਵਾਰ ਚਾਕੂ ਮਾਰਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ 5 ਸਾਲ ਤੱਕ ਅਫੇਅਰ ਸੀ। ਦੋਵੇਂ ਵੱਖ-ਵੱਖ ਜਾਤਾਂ ਨਾਲ ਸਬੰਧਤ ਸਨ, ਜਿਸ ਕਾਰਨ ਕੁੜੀ ਦੇ ਪਰਿਵਾਰਕ ਮੈਂਬਰ ਵਿਆਹ ਲਈ ਤਿਆਰ ਨਹੀਂ ਸਨ। ਕੁੜੀ ਨੇ ਵੀ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰੇਮੀ ਨੂੰ ਕਿਤੇ ਹੋਰ ਵਿਆਹ ਕਰਾਉਣ ਲਈ ਕਿਹਾ, ਜਿਸ ਕਾਰਨ ਉਹ ਗੁੱਸੇ ‘ਚ ਸੀ।
ਕੁੜੀ ਦੀ ਉਮਰ 25 ਸਾਲ ਸੀ। ਇਹ ਘਟਨਾ ਮੰਗਲਵਾਰ ਸ਼ਾਮ 7.30 ਵਜੇ ਮੁਰੁਗੇਸ਼ਪਾਲਿਆ ਇਲਾਕੇ ‘ਚ ਵਾਪਰੀ। ਕੁੜੀ ਇੱਥੇ ਓਮੇਗਾ ਹੈਲਥਕੇਅਰ ਦਫ਼ਤਰ ‘ਚ ਕੰਮ ਕਰਦੀ ਸੀ। ਜਦਕਿ ਉਕਤ ਨੌਜਵਾਨ ਵੀ ਹੈਲਥ ਸੈਂਟਰ ‘ਚ ਸੀ ਅਤੇ ਉਹ ਦੂਜੀ ਥਾਂ ਕੰਮ ਕਰਦਾ ਸੀ।
ਕੁੜੀ ਦੀ ਪਛਾਣ ਲੀਲਾ ਪਵਿੱਤਰਾ ਵਾਸੀ ਆਂਧਰਾ ਪ੍ਰਦੇਸ਼ ਵਜੋਂ ਹੋਈ ਹੈ। ਉਹ ਮੁਰੁਗੇਸ਼ਪਾਲਿਆ ਵਿਚ ਓਮੇਗਾ ਹੈਲਥ ਕੇਅਰ ਮੈਨੇਜਮੈਂਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ ਕਰਮਚਾਰੀ ਸੀ। ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਕਤਲ ਦੇ ਮੁਲਜ਼ਮ ਦਿਨਕਰ (28) ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ। ਉਹ ਵੀ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਪ੍ਰੇਮੀ ਦਿਨਕਰ ਨੇ ਲੀਲਾ ‘ਤੇ 16 ਵਾਰ ਹਮਲਾ ਕੀਤਾ
ਲੀਲਾ ਤੋਂ ਨਾਰਾਜ਼ ਹੋ ਕੇ ਦਿਨਕਰ ਆਪਣੇ ਦਫ਼ਤਰ ਚਲਾ ਗਿਆ। ਸ਼ਾਮ ਨੂੰ ਉਹ ਲੀਲਾ ਦੇ ਦਫ਼ਤਰ ਦੇ ਬਾਹਰ ਆ ਕੇ ਉਸ ਦੀ ਉਡੀਕ ਕਰਨ ਲੱਗਾ। ਬਾਹਰ ਆਉਂਦਿਆਂ ਹੀ ਦਿਨਕਰ ਨੂੰ ਉਸ ਨਾਲ ਵਿਆਹ ਕਰਨ ਲਈ ਕਿਹਾ। ਜਦੋਂ ਲੀਲਾ ਨੇ ਫਿਰ ਮਨ੍ਹਾ ਕੀਤਾ ਤਾਂ ਦਿਨਕਰ ਨੇ ਅਚਾਨਕ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਦੇ ਢਿੱਡ ਵਿਚ 16 ਵਾਰ ਚਾਕੂ ਮਾਰੇ ਗਏ।