ਪੰਜਾਬ ’ਚ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ : ਨਸ਼ੇ ’ਚ ਧੁੱਤ ਈ-ਰਿਕਸ਼ਾ ਚਾਲਕ ਹੋਇਆ ਬੇਸੁੱਧ

0
303

ਅੰਮ੍ਰਿਤਸਰ। ਪੰਜਾਬ ਵਿਚ ਨਸ਼ੇ ਦੀ ਵਿਕਰੀ ਲਗਾਤਾਰ ਜਾਰੀ ਹੈ, ਜਿਸ ਦੇ ਚਲਦਿਆਂ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਹਨ। ਨੌਜਵਾਨਾਂ ਦੀ ਹੀਰਿਆਂ ਤੋਂ ਅਨਮੋਲ ਜਵਾਨੀ ਨੂੰ ਬਰਬਾਦ ਕਰਨ ਵਿਚ ਨਸ਼ਾ ਤਸਕਰ ਕੋਈ ਕਸਰ ਨਹੀਂ ਛੱਡ ਰਹੇ।

ਪਿਛਲੇ ਦਿਨੀਂ ਅੰਮ੍ਰਿਤਸਰ ਦੇ ਮਕਬੂਲਪੁਰਾ ਅਤੇ ਹੋਰ ਇਲਾਕਿਆਂ ਤੋਂ ਕਈ ਨੌਜਵਾਨਾਂ ਦੀਆਂ ਵੀਡਿਓ ਵਾਇਰਲ ਹੋਈਆਂ ਜਿਹੜੇ ਕਿ ਨਸ਼ੇ ਦੇ ਟੀਕੇ ਲਗਾ ਕੇ ਬੇਸੁੱਧ ਹੋਏ ਨਜ਼ਰ ਆਏ। ਅੰਮ੍ਰਿਤਸਰ ਦੇ ਬਟਾਲਾ ਰੋਡ ਇਲਾਕੇ ਦੇ ਨਿਊ ਪ੍ਰੀਤ ਨਗਰ ਵਿਚ ਇਕ ਨੌਜਵਾਨ ਦੀ ਫਿਰ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨਸ਼ੇ ਦਾ ਟੀਕਾ ਲਗਾ ਕੇ ਬੇਸੁੱਧ ਹੋਇਆ ਆਪਣੇ ਈ ਰਿਕਸ਼ਾ ’ਤੇ ਡਿੱਗਿਆ ਨਜ਼ਰ ਆ ਰਿਹਾ ਹੈ।

ਅੰਮ੍ਰਿਤਸਰ ਦੇ ਵਿੱਚ ਅਜਿਹੇ ਕਈ ਨੌਜਵਾਨ ਹਨ ਜੋ ਸਿਰਫ ਨਸ਼ੇ ਦੀ ਪੂਰਤੀ ਲਈ ਜਾਂ ਤਾਂ ਈ ਰਿਕਸ਼ਾ ਚਲਾਉਂਦੇ ਹਨ ਜਾਂ ਫਿਰ ਆਟੋ ਕਿਰਾਏ ’ਤੇ ਲੈ ਕੇ ਚਲਾਉਂਦੇ ਹਨ।

ਹਰ ਰੋਜ਼ ਪੰਜਾਬ ’ਚ ਕਿੰਨੀਆਂ ਹੀ ਖ਼ਬਰਾਂ ਨਸ਼ੇ ਨਾਲ ਮਰ ਚੁੱਕੇ ਨੌਜਵਾਨਾਂ ਦੀਆਂ ਆਉਂਦੀਆਂ ਹਨ। ਕਿੰਨੀਆਂ ਹੀ ਮਾਵਾਂ ਦੀਆਂ ਕੁੱਖਾਂ ਉੱਜੜਦੀਆਂ ਹਨ। ਨੌਜਵਾਨਾਂ ਦੇ ਨਾਲ-ਨਾਲ ਨਾਬਾਇਗ ਵੀ ਨਸ਼ੇ ਦੀ ਦਲਦਲ ਵਿਚ ਧੱਸਦੇ ਜਾ ਰਹੇ ਹਨ। ਨਸ਼ਿਆਂ ਦੀ ਪੂਰਤੀ ਲਈ ਚੋਰੀ, ਕਤਲ ਵਰਗੀਆਂ ਅਜਿਹੀਆਂ ਹੀ ਕਈ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਪਿੱਛੇ ਨਹੀਂ ਹੱਟਦੇ।