ਜ਼ਮੀਨ ਐਕਵਾਇਰ ਕਰਨ ਲਈ 55 ਲੱਖ ਗਬਨ ਦੇ ਮਾਮਲੇ ‘ਚ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਗ੍ਰਿਫਤਾਰ

0
582



ਚੰਡੀਗੜ੍ਹ
| ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਮਾਰਕੀਟ ਕਮੇਟੀ ਖੇਮਕਰਨ ਦੇ ਸਾਬਕਾ ਚੇਅਰਮੈਨ ਅੰਮ੍ਰਿਤਬੀਰ ਸਿੰਘ, ਵਾਸੀ ਪਿੰਡ ਆਸਲ ਉਤਾੜ, ਜ਼ਿਲ੍ਹਾ ਤਰਨਤਾਰਨ ਨੂੰ ਮਾਲ ਹਲਕਾ ਪੱਲਾ ਮੇਘਾ ਦੇ ਪਟਵਾਰੀ ਬਲਕਾਰ ਸਿੰਘ ਅਤੇ ਪਿੰਡ ਪੱਲਾ ਮੇਘਾ, ਫਿਰੋਜ਼ਪੁਰ ਦੇ ਇੱਕ ਪ੍ਰਾਈਵੇਟ ਵਿਅਕਤੀ ਬਿੱਲੂ ਸਿੰਘ ਦੀ ਮਿਲੀਭੁਗਤ ਨਾਲ ਜ਼ਮੀਨ ਐਕਵਾਇਰ ਕਰਨ ਦੌਰਾਨ 55,54,118 ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਜਾਂਚ ਦੌਰਾਨ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਬੀ.ਐਸ.ਐਫ. ਲਈ ਪਿੰਡ ਪੱਲਾ ਮੇਘਾ ਨੇੜੇ ਨਿਊ ਮੁਹੰਮਦੀ ਵਾਲਾ ਵਿਖੇ ਇੱਕ ਨਵੀਂ ਸਰਹੱਦੀ ਚੌਕੀ ਸਥਾਪਤ ਕਰਨ ਲਈ ਸਾਲ 2002 ਤੋਂ 2012 ਦੌਰਾਨ 46 ਕਨਾਲ ਜ਼ਮੀਨ ਐਕਵਾਇਰ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਪਟਵਾਰੀ, ਜਿਸ ਨੂੰ ਕਾਨੂੰਗੋ ਵਜੋਂ ਬਰਖਾਸਤ ਕੀਤਾ ਗਿਆ ਹੈ, ਨੇ ਹੋਰ ਦੋ ਵਿਅਕਤੀਆਂ ਬਿੱਲੂ ਸਿੰਘ ਵਾਸੀ ਪੱਲਾ ਮੇਘਾ ਅਤੇ ਅੰਮ੍ਰਿਤਬੀਰ ਸਿੰਘ ਵਾਸੀ ਪਿੰਡ ਆਸਲ ਉਤਾੜ ਨਾਲ ਮਿਲੀਭੁਗਤ ਕਰਕੇ ਉਕਤ ਜ਼ਮੀਨ ਪ੍ਰਾਪਤੀ ਮਾਮਲੇ ਦੌਰਾਨ  1,11,08,236 ਰੁਪਏ ਦਾ ਗਬਨ ਕੀਤਾ ਸੀ।

ਮੁਲਜ਼ਮ ਪਟਵਾਰੀ ਨੇ ਉਕਤ ਮੁਲਜ਼ਮਾਂ ਨਾਲ ਮਿਲੀਭੁਗਤ ਕਰਕੇ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਦਿਆਂ ਐਕਵਾਇਰ ਕਰਨ ਵਾਲੀ ਜ਼ਮੀਨ ਦੇ ਮਾਲਕਾਂ ਵਜੋਂ ਉਕਤ ਸਹਿ-ਮੁਲਜ਼ਮਾਂ ਦੇ ਨਾਂ ਦਰਜ ਕਰ ਦਿੱਤੇ। ਇਸ ਤੋਂ ਬਾਅਦ, ਪਟਵਾਰੀ ਨੇ 07-11-2012 ਨੂੰ ਉਪਰੋਕਤ ਦੋਵਾਂ ਸਹਿ-ਮੁਲਜ਼ਮਾਂ ਨੂੰ ਜਾਅਲੀ ਮਾਲ ਰਿਕਾਰਡ ਦੇ ਅਧਾਰ ‘ਤੇ 55,54,118 ਰੁਪਏ ਦੇ ਮੁਆਵਜ਼ੇ ਦੇ 2 ਬੈਂਕ ਚੈੱਕ ਜਾਰੀ ਕਰਵਾ ਦਿੱਤੇ। ਇਸ ਤੋਂ ਇਲਾਵਾ ਮੁਲਜ਼ਮ ਪਟਵਾਰੀ ਨੇ ਦੂਜੇ ਮੁਲਜ਼ਮਾਂ ਅਤੇ ਆਪਣੇ ਆਪ ਨੂੰ ਆਰਥਿਕ ਲਾਭ ਪਹੁੰਚਾਉਣ ਲਈ ਨਾਲ ਲੱਗਦੀ ਸਰਕਾਰੀ ਜ਼ਮੀਨ ਐਕਵਾਇਰ ਕਰਨ ਦੀ ਬਜਾਏ 16 ਕਨਾਲ 16 ਮਰਲੇ ਦੀ ਨਿੱਜੀ ਜ਼ਮੀਨ ਐਕਵਾਇਰ ਕਰਵਾ ਦਿੱਤੀ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਵਿਜੀਲੈਂਸ ਜਾਂਚ ਦੇ ਆਧਾਰ ‘ਤੇ ਆਈ.ਪੀ.ਸੀ. ਦੀਆਂ ਧਾਰਾਵਾਂ 218, 409, 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1)(ਏ), 13(2) ਤਹਿਤ ਮਿਤੀ 21-02-2023 ਨੂੰ ਮੁਕੱਦਮਾ ਨੰਬਰ 05 ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਦਰਜ ਕੀਤਾ ਗਿਆ ਹੈ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਸੀ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਪ੍ਰਾਪਤੀ ਪ੍ਰਕਿਰਿਆ ਨਾਲ ਸਬੰਧਤ ਹੋਰ ਅਧਿਕਾਰੀਆਂ/ਕਰਮਚਾਰੀਆਂ ਦੀਆਂ ਭੂਮਿਕਾਵਾਂ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਜਿਸ ਲਈ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ।