ਮੋਹਾਲੀ ਦੇ ਹਸਪਤਾਲ ਦਾ ਕਾਰਨਾਮਾ : ਆਪ੍ਰੇਸ਼ਨ ਮਗਰੋਂ ਡਾਕਟਰਾਂ ਨੇ ਮਰੀਜ਼ ਦੇ ਅੰਦਰ ਛੱਡੀ ਪੱਟੀ, ਦਰਦ ਹੋਣ ‘ਤੇ ਹੋਇਆ ਖੁਲਾਸਾ

0
719

ਚੰਡੀਗੜ੍ਹ, 25 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਮੋਹਾਲੀ ਦੇ ਇਕ ਹਸਪਤਾਲ ਵਿਚ ਡਾਕਟਰਾਂ ਨੇ ਮਰੀਜ਼ ਦੀ ਸਰਜਰੀ ਤੋਂ ਬਾਅਦ ਪੱਟੀ ਅੰਦਰ ਹੀ ਛੱਡ ਦਿੱਤੀ। ਜਦੋਂ ਉਸ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਮੋਹਾਲੀ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਇਲਾਜ ਕਰਵਾਇਆ। ਡਾਕਟਰ ਨੇ ਕਿਹਾ ਕਿ ਜੇਕਰ ਉਹ ਸਮੇਂ ‘ਤੇ ਨਾ ਪਹੁੰਚਦੇ ਤਾਂ ਇਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਇਨਫੈਕਸ਼ਨ ਵੀ ਹੋ ਸਕਦੀ ਸੀ।

ਪ੍ਰਾਈਵੇਟ ਹਸਪਤਾਲ ਨੇ ਉਨ੍ਹਾਂ ਦਾ ਇਹ ਆਪ੍ਰੇਸ਼ਨ ਕਰਨ ਦੇ ਨਾਂ ‘ਤੇ ਲਗਭਗ 65 ਹਜ਼ਾਰ ਰੁਪਏ ਲਏ। ਪੀੜਤ ਦੀ ਪਛਾਣ ਜੋਸ਼ਿਲ ਅਬ੍ਰਾਹਮ ਵਜੋਂ ਹੋਈ ਹੈ। ਪੀੜਤ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਉਹ ਆਪਣੀ ਪਾਈਲਸ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਦਾਖਲ ਹੋਇਆ ਸੀ। ਹਸਪਤਾਲ ਨੇ ਉਸ ਦਾ ਇਲਾਜ ਕਰਕੇ ਛੁੱਟੀ ਦੇ ਦਿੱਤੀ ਸੀ। ਜਦੋਂ ਉਹ ਘਰ ਆਇਆ ਤਾਂ ਉਸ ਨੂੰ ਆਪ੍ਰੇਸ਼ਨ ਵਾਲੀ ਜਗ੍ਹਾ ‘ਤੇ ਕਾਫੀ ਦਰਦ ਹੋਣ ਲੱਗਾ। ਇਸ ਤੋਂ ਬਾਅਦ ਉਹ ਮੋਹਾਲੀ ਦੇ ਸਿਵਲ ਹਸਪਤਾਲ ਵਿਚ ਇਸ ਦਾ ਇਲਾਜ ਕਰਵਾਉਣ ਲਈ ਗਿਆ ਤਾਂ ਸਕਰੀਨਿੰਗ ਦੌਰਾਨ ਅੰਦਰ ਪੱਟੀ ਹੋਣ ਦਾ ਪਤਾ ਲੱਗਾ।

ਪੀੜਤ ਨੇ ਦੱਸਿਆ ਕਿ ਉਸ ਨੇ ਇਸ ਮਾਮਲੇ ਵਿਚ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਪਰ ਅੱਜ ਲਿਖਤੀ ਰੂਪ ਵਿਚ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇਣਗੇ ਤੇ ਹਸਪਤਾਲ ਮੈਨੇਜਮੈਂਟ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ। ਹਸਪਤਾਲ ਮੈਨੇਜਮੈਂਟ ਨੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ। ਜੇਕਰ ਉਨ੍ਹਾਂ ਨੂੰ ਸਮੇਂ ‘ਤੇ ਪਤਾ ਨਹੀਂ ਲੱਗਦਾ ਤਾਂ ਕੁਝ ਵੀ ਹੋ ਸਕਦਾ ਸੀ।

ਦੂਜੇ ਪਾਸੇ ਹਸਪਤਾਲ ਦੇ ਬੁਲਾਰੇ ਵੱਲੋਂ ਕਿਹਾ ਗਿਆ ਕਿ ਹਸਪਤਾਲ ਮੈਨੇਜਮੈਂਟ ਨੂੰ ਇਕ ਮਰੀਜ਼ ਦੀ ਸ਼ਿਕਾਇਤ ਮਿਲੀ ਹੈ। ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਸਟਾਫ ਦੀ ਵਜ੍ਹਾ ਨਾਲ ਲਾਪ੍ਰਵਾਹੀ ਹੋਈ ਹੈ। ਜਾਂਚ ਤੋਂ ਬਾਅਦ ਉਚਿਤ ਕਾਰਵਾਈ ਕੀਤੀ ਜਾਵੇਗੀ।