ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ ; ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ

0
529

ਫਰੀਦਕੋਟ | ਨੇੜਲੇ ਪਿੰਡ ਭਾਣਾ ਵਿੱਚ ਅੱਜ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਪਿੰਡ ਦੇ 2 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪਿੰਡ ਭਾਣਾ ਵਾਸੀ ਬਾਵਾ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਖਚੈਨ ਸਿੰਘ ਪੁੱਤਰ ਨਾਜਰ ਸਿੰਘ ਭੱਠੇ ’ਤੇ ਕੰਮ ਕਰਦਾ ਸੀ। ਕੱਲ ਉਹ ਨਰਮਾ ਲੈਣ ਗਿਆ ਸੀ ਅਤੇ ਰਾਤ ਨੂੰ ਸਹੀ ਸਲਾਮਤ ਘਰ ਆ ਗਿਆ। ਅੱਜ ਸਵੇਰੇ ਪਿੰਡ ਦੇ ਹੀ 2 ਨੌਜਵਾਨ ਲੱਕੀ ਪੁੱਤਰ ਸੁੱਖਾ ਅਤੇ ਅਭਿਸ਼ੇਕ ਪੁੱਤਰ ਜਗਜੀਤ ਸਿੰਘ ਉਸ ਨੂੰ ਘਰੋਂ ਬੁਲਾ ਕੇ ਲੈ ਗਏ ਅਤੇ ਫਿਰ ਬੇਹੋਸ਼ੀ ਦੀ ਹਾਲਤ ’ਚ ਵਾਪਸ ਛੱਡ ਗਏ, ਜਿਸ ਤੋਂ ਬਾਅਦ ਸੁਖਚੈਨ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਬਾਵਾ ਸਿੰਘ ਦੇ ਇਨ੍ਹਾਂ ਬਿਆਨਾਂ ’ਤੇ ਕਾਰਵਾਈ ਕਰਦਿਆਂ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਚੈਨ ਸਿੰਘ ਦਾ ਕਰੀਬ ਛੇ ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ। ਉਸ ਦੇ 2 ਬੱਚੇ ਹਨ, ਜਿਸ ਵਿੱਚ ਕਰੀਬ 8 ਸਾਲ ਦਾ ਬੇਟਾ ਉਸ ਦੇ ਨਾਲ ਰਹਿੰਦਾ ਸੀ, ਜਦਕਿ 6 ਸਾਲਾ ਬੇਟੀ ਆਪਣੀ ਮਾਂ ਨਾਲ ਰਹਿੰਦੀ ਹੈ।
ਇਸ ਸਬੰਧੀ ਜਾਂਚ ਅਧਿਕਾਰੀ ਬਲਵਿੰਦਰ ਸਿੰਘ ASI ਨੇ ਦੱਸਿਆ ਕਿ ਇਸ ਮਾਮਲੇ ‘ਚ 3 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਚੋਂ 2 ਦੀ ਗ੍ਰਿਫਤਾਰੀ ਹੋ ਚੁਕੀ ਹੈ, ਜਦਕਿ ਇਸ ਮਾਮਲੇ ਹੁਣ ਤੀਜੇ ਨਾਮਜ਼ਦ ਨੌਜਵਾਨ, ਜਿਸ ‘ਤੇ ਨਸ਼ਾ ਸਪਲਾਈ ਕਰਨ ਦੇ ਇਲਜ਼ਾਮ ਲੱਗੇ ਹਨ, ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।